ਲੁਧਿਆਣਾ ਵਿੱਚ ਬੁੱਧਵਾਰ ਦੇਰ ਰਾਤ ਗੋਲੀਬਾਰੀ ਦੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਮਸ਼ਹੂਰ ਪੰਡਿਤ ਕੁਲਚੇ-ਛੋਲੇ ਵਾਲੇ ਦੇ ਪੁੱਤਰ ਰਾਹੁਲ ਸ਼ਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਰਾਹੁਲ ਆਪਣੇ ਘਰੋਂ ਸਕਾਰਪੀਓ ਗੱਡੀ ਲੈ ਕੇ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਗਿਆ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ।
ਜਾਣਕਾਰੀ ਮੁਤਾਬਕ, ਰਾਹੁਲ ਨੂੰ ਦੋ ਗੋਲੀਆਂ ਲੱਗੀਆਂ, ਜਿਨ੍ਹਾਂ ਵਿੱਚੋਂ ਇੱਕ ਛਾਤੀ ਅਤੇ ਦੂਜੀ ਪਿੱਠ ’ਤੇ ਲੱਗੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਉਸ ਨੂੰ ਡੀਐੱਮਸੀ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਸ ਦੀ ਮੌਤ ਹੋ ਗਈ।
ਦੋਸਤਾਂ ਨੇ ਪਰਿਵਾਰ ਨੂੰ ਦਿੱਤੀ ਸੂਚਨਾ
ਪਰਿਵਾਰਕ ਮੈਂਬਰਾਂ ਮੁਤਾਬਕ, ਬੁੱਧਵਾਰ ਰਾਤ ਰਾਹੁਲ ਨੇ ਘਰ ਦੱਸਿਆ ਸੀ ਕਿ ਉਹ ਜਨਮਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਰਾਤ ਕਰੀਬ ਸਾਢੇ 12 ਵਜੇ ਉਸ ਦੇ ਦੋਸਤਾਂ ਨੇ ਉਸ ਦੇ ਜੀਜੇ ਨੂੰ ਫੋਨ ਕਰਕੇ ਗੋਲੀ ਲੱਗਣ ਦੀ ਸੂਚਨਾ ਦਿੱਤੀ। ਪਰਿਵਾਰ ਜਦੋਂ ਹਸਪਤਾਲ ਪਹੁੰਚਿਆ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਰਾਹੁਲ ਦੀ ਰਾਤ 11 ਵੱਜ ਕੇ 55 ਮਿੰਟ ’ਤੇ ਹੀ ਮੌਤ ਹੋ ਚੁੱਕੀ ਸੀ।
ਤਿੰਨ ਸਾਲ ਪਹਿਲਾਂ ਹੋਇਆ ਸੀ ਵਿਆਹ
ਰਾਹੁਲ ਸ਼ਰਮਾ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਹੋਇਆ ਸੀ। ਉਸ ਦੇ ਪਰਿਵਾਰ ਵਿੱਚ ਪਤਨੀ, ਮਾਤਾ-ਪਿਤਾ ਅਤੇ ਇੱਕ ਵਿਆਹੀ ਹੋਈ ਭੈਣ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।
ਉੱਧਰ, ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਜਨਮਦਿਨ ਦੀ ਪਾਰਟੀ ਦੌਰਾਨ ਵਿਵਾਦ ਕਿਸ ਗੱਲ ਨੂੰ ਲੈ ਕੇ ਹੋਇਆ ਅਤੇ ਰਾਹੁਲ ’ਤੇ ਗੋਲੀਆਂ ਕਿਸ ਨੇ ਚਲਾਈਆਂ। ਮੁਲਜ਼ਮਾਂ ਦੀ ਪਛਾਣ ਕਰਨ ਲਈ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।









