ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਬੱਸ ਹਾਦਸਾ ਵਾਪਰਿਆ। ਤਿੱਸਾ-ਬੈਰਾਗੜ੍ਹ ਸੜਕ ’ਤੇ ਇੱਕ ਨਿੱਜੀ ਬੱਸ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 11 ਯਾਤਰੀ ਜ਼ਖ਼ਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਤਿੱਸਾ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਚੰਬਾ ਦੇ ਐਸ.ਪੀ. ਵਿਜੇ ਕੁਮਾਰ ਸਕਲਾਨੀ ਮੁਤਾਬਕ, ਬੱਸ ਸਵੇਰੇ ਕਰੀਬ 7 ਵਜੇ ਬੈਰਾਗੜ੍ਹ ਤੋਂ ਚੰਬਾ ਲਈ ਰਵਾਨਾ ਹੋਈ ਸੀ। ਬੈਰਾਗੜ੍ਹ ਤੋਂ ਕੁਝ ਦੂਰੀ ’ਤੇ ‘ਸ਼ਰਮਾ ਕੋਚ’ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਸੜਕ ’ਤੇ ਪਲਟ ਗਈ।
ਹਾਦਸੇ ਤੋਂ ਬਾਅਦ ਮਚੀ ਹਫੜਾ-ਦਫੜੀ
ਬੱਸ ਪਲਟਦੇ ਹੀ ਮੌਕੇ ’ਤੇ ਚੀਕ-ਚਿਹਾੜਾ ਅਤੇ ਹਫੜਾ-ਦਫੜੀ ਮੱਚ ਗਈ। ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਅਤੇ ਪ੍ਰਸ਼ਾਸਨ ਨੂੰ ਹਾਦਸੇ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਪੁਲਿਸ ਦੇ ਨਾਲ ਮਿਲ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।
ਬੱਸ ’ਚ ਕਰੀਬ 25 ਯਾਤਰੀ ਸਨ ਸਵਾਰ
ਮੁੱਢਲੀ ਜਾਣਕਾਰੀ ਮੁਤਾਬਕ ਬੱਸ ਵਿੱਚ ਕਰੀਬ 25 ਯਾਤਰੀ ਸਵਾਰ ਸਨ। ਹਾਦਸੇ ਵਾਲੀ ਥਾਂ ’ਤੇ ਰਾਹਤ ਕਾਰਜ ਜਾਰੀ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਮੌਕੇ ’ਤੇ ਪਹੁੰਚਣ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਾਦਸੇ ਵਿੱਚ ਹੋਏ ਜਾਨੀ ਅਤੇ ਮਾਲੀ ਨੁਕਸਾਨ ਦੀ ਪੂਰੀ ਜਾਣਕਾਰੀ ਸਾਹਮਣੇ ਆਵੇਗੀ। ਫਿਲਹਾਲ ਹਾਦਸੇ ਵਿੱਚ 7 ਮੌਤਾਂ ਅਤੇ 11 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ। ਹਾਲਾਤਾਂ ਨੂੰ ਦੇਖਦੇ ਹੋਏ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ।









