ਜਲੰਧਰ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਅਤੇ ਐਸ.ਬੀ.ਐਸ. ਨਗਰ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਇੱਕ ਕਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮਾਡਿਊਲ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 86-ਪੀ ਹੈਂਡ ਗ੍ਰਨੇਡ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ ਵਿੱਚ ਬੈਠੇ ਆਪਣੇ ਹੈਂਡਲਰਾਂ ਦੇ ਸੰਪਰਕ ਵਿੱਚ ਸੀ। ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਉਹ ਪੰਜਾਬ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਿਹਾ ਸੀ।ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਨੇ ਵਿਦੇਸ਼ੀ ਹੈਂਡਲਰਾਂ ਦੇ ਕਹਿਣ ‘ਤੇ ਜਲੰਧਰ ਦੇ ਆਦਮਪੁਰ ਨੇੜੇ ਇੱਕ ਗੁਪਤ ਸਥਾਨ ਤੋਂ ਹੈਂਡ ਗ੍ਰਨੇਡ ਹਾਸਲ ਕੀਤਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਸਮੇਂ ਸਿਰ ਕੀਤੀ ਗਈ ਕਾਰਵਾਈ ਨਾਲ ਪੰਜਾਬ ਵਿੱਚ ਸੰਭਾਵਿਤ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ।ਇਸ ਮਾਮਲੇ ਵਿੱਚ ਐਸ.ਬੀ.ਐਸ. ਨਗਰ ਦੇ ਸਦਰ ਥਾਣੇ ਵਿੱਚ BNS ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ FIR ਦਰਜ ਕੀਤੀ ਗਈ ਹੈ।
ਹੁਣ ਪੁਲਿਸ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਦੀ ਤਿਆਰੀ ਕਰ ਰਹੀ ਹੈ। ਰਿਮਾਂਡ ਦੌਰਾਨ ਮੁਲਜ਼ਮ ਤੋਂ ਉਸ ਦੇ ਵਿਦੇਸ਼ੀ ਹੈਂਡਲਰਾਂ ਅਤੇ ਮਾਡਿਊਲ ਨਾਲ ਜੁੜੇ ਹੋਰ ਲੋਕਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।









