ਪੰਜਾਬ ਦੇ ਬਠਿੰਡਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰਾਮਪੁਰਾ ਫੂਲ ਰੇਲਵੇ ਸਟੇਸ਼ਨ ਨੇੜੇ ਅੱਜ ਇੱਕ ਮਾਲ ਗੱਡੀ ਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ। ਇਹ ਮਾਲ ਗੱਡੀ ਬਠਿੰਡਾ ਤੋਂ ਅੰਬਾਲਾ ਵੱਲ ਜਾ ਰਹੀ ਸੀ ਅਤੇ ਇਸ ਵਿੱਚ ਮਾਰੂਤੀ ਸੁਜ਼ੂਕੀ ਦੀਆਂ ਨਵੀਆਂ ਕਾਰਾਂ ਲੱਦੀਆਂ ਹੋਈਆਂ ਸਨ।
ਮੁੱਢਲੀ ਜਾਣਕਾਰੀ ਅਨੁਸਾਰ, ਪਹੀਏ ਜਾਮ ਹੋਣ ਅਤੇ ਤਕਨੀਕੀ ਖ਼ਰਾਬੀ ਕਾਰਨ ਇਹ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਡੱਬੇ ਪਟੜੀ ਤੋਂ ਉਤਰਨ ਕਾਰਨ ਰੇਲਵੇ ਟ੍ਰੈਕ ਨੂੰ ਵੀ ਨੁਕਸਾਨ ਪਹੁੰਚਿਆ ਹੈ।ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਵਿਭਾਗ ਦੇ ਅਧਿਕਾਰੀ ਅਤੇ ਹੋਰ ਕਰਮਚਾਰੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਵੱਲੋਂ ਸਥਿਤੀ ਦਾ ਜਾਇਜ਼ਾ ਲੈ ਕੇ ਰਾਹਤ ਕਾਰਜ ਸ਼ੁਰੂ ਕੀਤੇ ਗਏ।
ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।ਹਾਦਸੇ ਕਾਰਨ ਇਸ ਰੂਟ ’ਤੇ ਰੇਲ ਆਵਾਜਾਈ ਕੁਝ ਸਮੇਂ ਲਈ ਪ੍ਰਭਾਵਿਤ ਹੋਈ। ਫਿਲਹਾਲ ਰੇਲਵੇ ਦੀ ਤਕਨੀਕੀ ਟੀਮ ਵੱਲੋਂ ਟ੍ਰੈਕ ਦੀ ਜਾਂਚ ਅਤੇ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਹਾਦਸੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ।









