ਤਿਉਹਾਰਾਂ ਦੇ ਸੀਜ਼ਨ ਦੌਰਾਨ ਲੁਧਿਆਣਾ ਵਾਸੀਆਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਣ ਜਾ ਰਿਹਾ ਹੈ। ਸ਼ਹਿਰ ਵਿੱਚ 1 ਨਵੰਬਰ ਤੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਹੈਬੋਵਾਲ ਅਤੇ ਤਾਜਪੁਰ ਡੇਅਰੀ ਕੰਪਲੈਕਸ ਦੇ ਡੇਅਰੀ ਮਾਲਕਾਂ ਨੇ ਦੁੱਧ ਦੇ ਰੇਟ 3 ਰੁਪਏ ਪ੍ਰਤੀ ਕਿੱਲੋ ਵਧਾਉਣ ਦਾ ਫ਼ੈਸਲਾ ਕੀਤਾ ਹੈ।
ਹੈਬੋਵਾਲ ਡੇਅਰੀ ਦੇ ਪ੍ਰਧਾਨ ਅਤੇ ਹੋਰ ਡੇਅਰੀ ਨੁਮਾਇੰਦਿਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਮੁਤਾਬਕ, ਸ਼ਹਿਰ ਵਿੱਚ ਦੁੱਧ ਵੇਚਣ ਵਾਲੇ ਸਾਰੇ ਬੂਥਾਂ ‘ਤੇ ਨਵੇਂ ਰੇਟ ਲਾਗੂ ਕੀਤੇ ਜਾਣਗੇ। ਇਸ ਤੋਂ ਇਲਾਵਾ, ਕ੍ਰੀਮ ਡੇਅਰੀ ਵਾਲਿਆਂ ਲਈ ਫੈਟ ਦੇ ਰੇਟ ਵਿੱਚ ਵੀ 30 ਪੈਸੇ ਦਾ ਵਾਧਾ ਕੀਤਾ ਗਿਆ ਹੈ। ਡੇਅਰੀ ਨੁਮਾਇੰਦਿਆਂ ਨੇ ਸਾਰੇ ਡੇਅਰੀ ਮਾਲਕਾਂ ਨੂੰ ਨਵੀਆਂ ਕੀਮਤਾਂ ਲਾਗੂ ਕਰਨ ਦੀ ਅਪੀਲ ਕੀਤੀ ਹੈ।
ਪਸ਼ੂਆਂ ਦੀ ਖੁਰਾਕ ਮਹਿੰਗੀ ਹੋਣ ਕਾਰਨ ਵਧਾਏ ਰੇਟ
ਡੇਅਰੀ ਮਾਲਕਾਂ ਦਾ ਕਹਿਣਾ ਹੈ ਕਿ ਪਸ਼ੂਆਂ ਦੀ ਖੁਰਾਕ, ਤੂੜੀ, ਦਾਣੇ ਅਤੇ ਹਰੇ ਚਾਰੇ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਕਾਰਨ ਡੇਅਰੀ ਚਲਾਉਣ ਦਾ ਖ਼ਰਚਾ ਵਧ ਗਿਆ ਹੈ ਅਤੇ ਕਾਰੋਬਾਰ ਕਰਨਾ ਮੁਸ਼ਕਲ ਹੋ ਰਿਹਾ ਹੈ।
ਡੇਅਰੀ ਨੁਮਾਇੰਦਿਆਂ ਮੁਤਾਬਕ, ਵਧਦੀ ਲਾਗਤ ਕਾਰਨ ਕਈ ਡੇਅਰੀ ਮਾਲਕ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ ਅਤੇ ਕੁਝ ਨੂੰ ਆਪਣਾ ਕਾਰੋਬਾਰ ਵੇਚਣ ਦੀ ਨੌਬਤ ਆ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਦੁੱਧ ਦੀਆਂ ਕੀਮਤਾਂ ਵਧਾਉਣਾ ਜ਼ਰੂਰੀ ਹੋ ਗਿਆ ਹੈ।









