ਪੰਜਾਬ : ਫਰਾਂਸ ਤੋਂ ਦੋ ਦੁਖਦਾਈ ਖ਼ਬਰਾਂ ਸਾਹਮਣੇ ਆਈਆਂ ਹਨ। ਇੱਥੇ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਪਹਿਲਾ ਮਾਮਲਾ ਅੰਮ੍ਰਿਤਸਰ ਦੇ ਕੋਟ ਖਾਲਸਾ ਨਾਲ ਸਬੰਧਿਤ 22 ਸਾਲਾ ਆਯੂਸ਼ ਵਰਮਾ ਦਾ ਹੈ, ਜਦਕਿ ਦੂਜਾ ਮਾਮਲਾ ਜਲੰਧਰ ਦੇ ਪਿੰਡ ਰੁੜਕਾ ਕਲਾਂ ਦੇ ਰਹਿਣ ਵਾਲੇ 42 ਸਾਲਾ ਨਰਿੰਦਰ ਕੁਮਾਰ ਦਾ ਹੈ।
ਜਾਣਕਾਰੀ ਮੁਤਾਬਕ, ਆਯੂਸ਼ ਵਰਮਾ ਪੁੱਤਰ ਗੁਰਦੀਪ ਕੁਮਾਰ ਦੀ ਫਰਾਂਸ ਵਿੱਚ ਸਮੁੰਦਰ ਵਿੱਚ ਨਹਾਉਂਦੇ ਸਮੇਂ ਡੁੱਬਣ ਕਾਰਨ ਹਾਲਤ ਗੰਭੀਰ ਹੋ ਗਈ ਸੀ। ਉਸ ਦੇ ਸਾਥੀ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਤਿੰਨ ਦਿਨਾਂ ਦੇ ਇਲਾਜ ਤੋਂ ਬਾਅਦ 25 ਅਕਤੂਬਰ ਨੂੰ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੁਣ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਫਰਾਂਸ ਦੇ ਮਾਰਸਾਇਲ ਸ਼ਹਿਰ ਤੋਂ ਸ੍ਰੀ ਅੰਮ੍ਰਿਤਸਰ ਹਵਾਈ ਅੱਡੇ ’ਤੇ ਭੇਜੀ ਜਾਵੇਗੀ।
ਉੱਧਰ, ਦੂਜੇ ਮਾਮਲੇ ਵਿੱਚ 42 ਸਾਲਾ ਨਰਿੰਦਰ ਕੁਮਾਰ ਪੁੱਤਰ ਰੇਸ਼ਮ ਲਾਲ ਦੀ ਦਿਲ ਦੀ ਧੜਕਣ ਬੰਦ ਹੋਣ ਕਾਰਨ ਮੌਤ ਹੋ ਗਈ। ਉਹ ਜਲੰਧਰ ਜ਼ਿਲ੍ਹੇ ਦੇ ਪਿੰਡ ਰੁੜਕਾ ਕਲਾਂ ਨਾਲ ਸਬੰਧਿਤ ਸੀ। ਉਸ ਦੀ ਮ੍ਰਿਤਕ ਦੇਹ ਨੂੰ ਵੀ ਕਾਨੂੰਨੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਭੇਜਿਆ ਜਾਵੇਗਾ।









