ਭਾਰਤ ਦੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਮਸ਼ਹੂਰ ਪੁਡੂਚੇਰੀ ਦੀ ਮੌਨੀਟਰਿੰਗ ਲਈ ਭਾਰਤ ਸਰਕਾਰ ਨੇ ਪੰਜਾਬ ਦੇ ਮਸ਼ਹੂਰ ਵੈਟਰਨਰੀ ਡਾ. ਜੀ.ਐੱਸ. ਬੇਦੀ ਨੂੰ ਚੁਣਿਆ ਹੈ। ਡਾ. ਬੇਦੀ ਇਸ ਤੋਂ ਪਹਿਲਾਂ ਗੋਆ, ਛੱਤੀਸਗੜ੍ਹ ਤੇ ਕਰਨਾਟਕਾ ਜ਼ਿਲ੍ਹਿਆਂ ਦੀ ਪਸ਼ੂ ਪਾਲਣ ਨਾਲ ਸੰਬੰਧਿਤ ਸਕੀਮਾਂ ਦੀ ਮੌਨੀਟਰਿੰਗ ਕਰ ਚੁੱਕੇ ਹਨ। ਭਾਰਤ ਸਰਕਾਰ ਦੀ ਮਿਨਿਸਟਰੀ ਆਫ ਫਿਸ਼ਰੀਜ਼, ਐਨੀਮਲ ਹਸਬੈਂਡਰੀ ਅਤੇ ਡੇਅਰੀ ਵੱਲੋਂ ਇਹ ਮੌਨੀਟਰਿੰਗ ਕਰਵਾਈ ਜਾਵੇਗੀ। ਇਸ ਵਿੱਚ ਨੈਸ਼ਨਲ ਲਾਈਵਸਟਾਕ ਮਿਸ਼ਨ, ਨੈਸ਼ਨਲ ਪ੍ਰੋਗਰਾਮ ਫਾਰ ਡੇਅਰੀ ਡਿਵੈਲਪਮੈਂਟ ਅਤੇ ਲਾਈਵਸਟਾਕ ਹੈਲਥ ਐਂਡ ਡਿਜ਼ਿਜ਼ ਕੰਟਰੋਲ ਪ੍ਰੋਗਰਾਮ ਅਧੀਨ ਕੰਪੋਨੈਂਟਸ ਦੀ ਮੌਨੀਟਰਿੰਗ ਕੀਤੀ ਜਾਵੇਗੀ।
ਇੱਥੇ ਇਹ ਦੱਸਣਯੋਗ ਹੈ ਕਿ ਡਾ. ਬੇਦੀ ਦਾ ਨਾਮ ਵੈਟਰਨਰੀ ਖੇਤਰ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਂਦਾ ਹੈ ਅਤੇ ਇਨ੍ਹਾਂ ਨੇ ਵਿਭਾਗ ‘ਚ ਰਹਿੰਦਿਆਂ ਬਹੁਤ ਮੱਲਾਂ ਮਾਰੀਆਂ ਹਨ। ਜਿੱਥੇ ਇਨ੍ਹਾਂ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੈ, ਉਸ ਦੇ ਨਾਲ ਹੀ ਇਨ੍ਹਾਂ ਨੇ ਆਈ. ਐੱਸ. ਵੀ . ਐੱਸ. ਵੱਲੋਂ ਗੋਲਡ ਮੈਡਲ ਵੀ ਹਾਸਲ ਕੀਤਾ ਹੈ। ਬਤੌਰ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ, ਪੰਜਾਬ ਵੀ ਇਨ੍ਹਾਂ ਨੇ ਪੰਜਾਬ ਰਾਜ ਵਿੱਚ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜੋ ਕਿ ਪਸ਼ੂ ਭਲਾਈ ਨਾਲ ਸੰਬੰਧਿਤ ਸਨ ਅਤੇ ਜਿਸ ਨਾਲ ਰਾਜ ਦੇ ਪਸ਼ੂ ਪਾਲਕਾਂ ਨੂੰ ਬਹੁਤ ਫਾਇਦਾ ਹੋਇਆ। ਹੁਣ ਰਿਟਾਇਰਮੈਂਟ ਤੋਂ ਬਾਅਦ ਵੀ ਇਨ੍ਹਾਂ ਦੇ ਲੇਖ ਵੱਖ-ਵੱਖ ਮੈਗਜ਼ੀਨਾਂ ਅਤੇ ਪੇਪਰਾਂ ਵਿੱਚ ਛਪਦੇ ਰਹਿੰਦੇ ਹਨ। ਡਾ. ਬੇਦੀ ਇਹ ਮੌਨੀਟਰਿੰਗ 1 ਨਵੰਬਰ 2026 ਤੱਕ ਕਰਨਗੇ।









