ਖ਼ਬਰਿਸਤਾਨ ਨੈੱਟਵਰਕ: ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੇਗਮਪੁਰਾ ਐਕਸਪ੍ਰੈਸ ਸਪੈਸ਼ਲ ਟ੍ਰੇਨ ਵਾਰਾਣਸੀ ਸਥਿਤ ਸ੍ਰੀ ਗੁਰੂ ਰਵਿਦਾਸ ਧਾਮ ਲਈ ਜਲੰਧਰ ਤੋਂ ਦੁਪਹਿਰ 3 ਵਜੇ ਰਵਾਨਾ ਹੋਈ। ਰੇਲਵੇ ਸਟੇਸ਼ਨ ‘ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦਾ ਇਕੱਠ ਦੇਖਣ ਨੂੰ ਮਿਲਿਆ। ਸਟੇਸ਼ਨ ਤੋਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਸ਼ਰਧਾਲੂ ਪਲੇਟਫਾਰਮ ‘ਤੇ ਕੀਰਤਨ ਕਰਦੇ ਨਜ਼ਰ ਆਏ।
ਉੱਥੇਹੀ ਕਾਸ਼ੀ ਜਾਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਲਈ ਰੇਲਵੇ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਸੰਤ ਨਿਰੰਜਨ ਦਾਸ ਜੀ ਦਾ ਆਸ਼ੀਰਵਾਦ ਲੈਣ ਲਈ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਵਿਧਾਇਕ ਪਰਗਟ ਸਿੰਘ ਸਮੇਤ ਹੋਰ ਕਈ ਆਗੂ ਮੌਜੂਦ ਰਹੇ। ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਨਕੋਦਰ ਰੋਡ ਸਥਿਤ ਸ੍ਰੀ ਗੁਰੂ ਰਵਿਦਾਸ ਧਾਮ ਵਿਖੇ ਸ਼ਾਨਦਾਰ ਸਜਾਵਟ ਕੀਤੀ ਗਈ ਹੈ।
ਇਸ ਪਵਿੱਤਰ ਅਵਸਰ ‘ਤੇ ਸ੍ਰੀ ਗੁਰੂ ਰਵਿਦਾਸ ਧਾਮ ਰੋਡ ‘ਤੇ ਮੇਲਾ ਲੱਗਿਆ ਹੋਇਆ ਹੈ ਅਤੇ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸ਼ਰਧਾਲੂਆਂ ਨੇ 649ਵੇਂ ਪ੍ਰਕਾਸ਼ ਪੁਰਬ ਦੀ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ ਅਤੇ ਅਪੀਲ ਕੀਤੀ ਕਿ ਗੁਰੂ ਸਾਹਿਬ ਵੱਲੋਂ ਦਰਸਾਏ “ਬੇਗਮਪੁਰਾ” ਦੇ ਸੰਕਲਪ ‘ਤੇ ਚੱਲਦਿਆਂ ਸਾਰਿਆਂ ਨੂੰ ਇੱਕਜੁੱਟ ਹੋ ਕੇ ਯਤਨ ਕਰਨੇ ਚਾਹੀਦੇ ਹਨ।
ਜਾਣਕਾਰੀ ਮੁਤਾਬਕ 1 ਫਰਵਰੀ ਨੂੰ ਰਵਿਦਾਸ ਜਯੰਤੀ ਦੇ ਦਿਨ 2 ਲੱਖ ਤੋਂ ਵੱਧ ਸ਼ਰਧਾਲੂ ਦਰਸ਼ਨ ਕਰਨ ਪਹੁੰਚ ਸਕਦੇ ਹਨ। ਇਸ ਵਿੱਚ 500 ਤੋਂ ਜ਼ਿਆਦਾ ਪ੍ਰਵਾਸੀ ਭਾਰਤੀ (NRI) ਵੀ ਸ਼ਾਮਲ ਹੋਣਗੇ। ਗੁਰੂ ਸੰਤ ਨਿਰੰਜਨ ਦਾਸ ਜੀ 30 ਜਨਵਰੀ ਨੂੰ ਕਾਸ਼ੀ ਪਹੁੰਚਣਗੇ।
ਰਵਿਦਾਸ ਜਯੰਤੀ ਨੂੰ ਲੈ ਕੇ ਗੁਰੂ ਜੀ ਦੇ ਜਨਮ ਸਥਾਨ ਸੀਰ ਗੋਵਰਧਨ ਨੂੰ ਖਾਸ ਤੌਰ ‘ਤੇ ਸਜਾਇਆ ਜਾ ਰਿਹਾ ਹੈ। ਇੱਕ ਹਫ਼ਤਾ ਪਹਿਲਾਂ ਹੀ ਸੇਵਾਦਾਰਾਂ ਦੇ ਜੱਥੇ ਕਾਸ਼ੀ ਪਹੁੰਚ ਚੁੱਕੇ ਹਨ। ਸ਼ਰਧਾਲੂਆਂ ਦੇ ਰਹਿਣ, ਖਾਣ ਅਤੇ ਠਹਿਰਾਉ ਲਈ 80 ਤੋਂ ਵੱਧ ਟੈਂਟ ਲਗਾਏ ਜਾ ਰਹੇ ਹਨ।
ਸੰਤ ਰਵਿਦਾਸ ਮੰਦਰ ਤੋਂ ਲੈ ਕੇ ਸੀਰ ਗੋਵਰਧਨ ਤੱਕ ਦਾ ਸਾਰਾ ਇਲਾਕਾ ਮੇਲੇ ਵਰਗਾ ਬਣਦਾ ਜਾ ਰਿਹਾ ਹੈ। ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰਿਟੇਬਲ ਟਰਸਟ ਦੇ ਟਰਸਟੀ ਕੇ.ਐਲ. ਸਰੋਵਾ ਨੇ ਦੱਸਿਆ ਕਿ ਸਤਸੰਗ ਲਈ ਵੱਡਾ ਜਰਮਨ ਹੈਂਗਰ ਤਿਆਰ ਕੀਤਾ ਜਾ ਰਿਹਾ ਹੈ।
ਮੈਦਾਨ ਦੇ ਸਾਹਮਣੇ 80 ਤੋਂ ਵੱਧ ਟੈਂਟ ਬਣਾਏ ਜਾ ਰਹੇ ਹਨ। ਵੱਖ-ਵੱਖ ਰਾਜਾਂ ਤੋਂ ਆ ਰਹੀ ਸੰਗਤ ਲਈ ਅਲੱਗ ਟੈਂਟ ਅਤੇ ਲੰਗਰ ਦੀ ਵਿਵਸਥਾ ਕੀਤੀ ਜਾ ਰਹੀ ਹੈ। 60 ਫੁੱਟ ਚੌੜਾ ਅਤੇ 120 ਫੁੱਟ ਲੰਬਾ ਸਤਸੰਗ ਪੰਡਾਲ ਤਿਆਰ ਹੋ ਰਿਹਾ ਹੈ, ਜਿਸ ਵਿੱਚ ਮੰਚ ਬਣਾਇਆ ਜਾਵੇਗਾ। ਇਸ ਮੰਚ ਤੋਂ ਸੰਤ ਨਿਰੰਜਨ ਦਾਸ ਜੀ ਪ੍ਰਵਚਨ ਦੇਣਗੇ।
ਸੁਰੱਖਿਆ ਅਤੇ ਸਿਹਤ ਲਈ ਅਸਥਾਈ ਪੁਲਿਸ ਚੌਕੀ ਅਤੇ ਹੈਲਥ ਕੈਂਪ ਵੀ ਤਿਆਰ ਹੋ ਚੁੱਕੇ ਹਨ। ਮੰਦਰ ਤੋਂ ਲੌਟੂਵੀਰ ਮਾਰਗ ਤੱਕ ਸੜਕ ਦੀ ਮੁਰੰਮਤ ਜਾਰੀ ਹੈ ਅਤੇ ਲੰਗਰ ਹਾਲ ਵੱਲ ਜਾਣ ਵਾਲੇ ਰਸਤੇ ‘ਤੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ।
ਪ੍ਰਬੰਧਾਂ ਦਾ ਲਗਭਗ 90 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਵਾਰ 60 ਏਅਰ ਕੰਡੀਸ਼ਨਡ ਕਮਰੇ ਵੀ ਤਿਆਰ ਕੀਤੇ ਜਾ ਰਹੇ ਹਨ। ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੋਂ ਸੇਵਾਦਾਰ ਅਤੇ ਸੰਗਤ ਵੱਡੀ ਗਿਣਤੀ ਵਿੱਚ ਪਹੁੰਚ ਰਹੀ ਹੈ।