ਖ਼ਬਰਿਸਤਾਨ ਨੈੱਟਵਰਕ: ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਵੱਲੋਂ ਹੁਣ ਕੀਰਤਪੁਰ ਤੋਂ ਨੰਗਲ ਦੇ ਵਿਚਕਾਰ ਦੀ ਸੜਕ ਨੂੰ ਫੋਰ-ਲੇਨ (ਚਾਰ ਮਾਰਗੀ) ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜੋ ਕਿ ਚੰਡੀਗੜ੍ਹ ਤੋਂ ਹਿਮਾਚਲ ਪ੍ਰਦੇਸ਼ ਦੇ ਚਿੰਤਪੂਰਨੀ, ਜਵਾਲਾਜੀ ਅਤੇ ਧਰਮਸ਼ਾਲਾ ਜਾਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਯਾਤਰੀਆਂ ਲਈ ਜਿੱਥੇ ਸਫਰ ਆਸਾਨ ਹੋਵੇਗਾ, ਉੱਥੇ ਹੀ ਸੜਕ ਹਾਦਸਿਆਂ ਵਿੱਚ ਵੀ ਕਮੀ ਆਵੇਗੀ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਸੜਕ ਨੂੰ ਫੋਰ-ਲੇਨ ਕਰਨ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਐਕੁਆਇਰ ਹੋਣ ਵਾਲੀ ਜ਼ਮੀਨ ਦੇ ਖਸਰਾ ਨੰਬਰ ਵੀ ਜਾਰੀ ਕਰ ਦਿੱਤੇ ਗਏ ਹਨ। ਹੁਣ ਲੋਕ ਅਥਾਰਟੀ ਦੇ ਦਫ਼ਤਰ ਜਾ ਕੇ ਇਸ ਸਬੰਧੀ ਹੋਰ ਜਾਣਕਾਰੀ ਲੈ ਸਕਣਗੇ। ਉਮੀਦ ਹੈ ਕਿ ਸੜਕ ਦਾ ਕੰਮ ਜਲਦੀ ਹੀ ਨੇਪਰੇ ਚੜ੍ਹੇਗਾ। ਜੁਲਾਈ 2022 ‘ਚ ਸੜਕ ਪ੍ਰੋਜੈਕਟ ਦਾ ਸਰਵੇਖਣ ਕੀਤਾ ਗਿਆ। ਸਾਲ 2023 ‘ਚ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਗਈ। ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਅਤੇ NHAI ਵੱਲੋਂ ਸਾਰੀਆਂ ਤਕਨੀਕੀ ਅਤੇ ਪ੍ਰਸ਼ਾਸਨਿਕ ਪ੍ਰਵਾਨਗੀਆਂ ਹਾਸਲ ਕਰਨ ਤੋਂ ਬਾਅਦ ਹੁਣ ਕੰਮ ਸ਼ੁਰੂ ਹੋਣ ਦੀ ਤਿਆਰੀ ਹੈ।
ਇਹ ਸੜਕ ਕਈ ਪ੍ਰਮੁੱਖ ਧਾਰਮਿਕ ਅਸਥਾਨਾਂ ਨੂੰ ਆਪਸ ਵਿੱਚ ਜੋੜਦੀ ਹੈ। ਇਨ੍ਹਾਂ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਸ੍ਰੀ ਕੀਰਤਪੁਰ ਸਾਹਿਬ ,ਮਾਤਾ ਨੈਨਾ ਦੇਵੀ ਜੀ, ਮਾਤਾ ਚਿੰਤਪੂਰਨੀ ਜੀ, ਮਾਤਾ ਜਵਾਲਾ ਜੀ ਜਾਣ ਵਾਲਿਆਂ ਲਈ ਸਫ਼ਰ ਕਰਨਾ ਹੋਰ ਵੀ ਅਸਾਨ ਹੋ ਜਾਵੇਗਾ।
ਇਹ ਰੋਡ ਧਰਮਸ਼ਾਲਾ ਤੱਕ ਜਾਂਦਾ ਹੈ, ਜਿਸ ਨਾਲ ਸ਼ਰਧਾਲੂਆਂ ਦੇ ਨਾਲ-ਨਾਲ ਸੈਲਾਨੀਆਂ ਨੂੰ ਵੀ ਵੱਡਾ ਫਾਇਦਾ ਹੋਵੇਗਾ। ਫਿਲਹਾਲ ਕੀਰਤਪੁਰ ਤੋਂ ਨੰਗਲ ਤੱਕ ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ।
ਅਨੰਦਪੁਰ ਸਾਹਿਬ ਤੋਂ ਨੰਗਲ ਤੱਕ ਦੀ ਸੜਕ ਦਾ ਹਿੱਸਾ ਕਾਫੀ ਖ਼ਤਰਨਾਕ ਸੀ, ਜਿੱਥੇ ਰੋਜ਼ਾਨਾ ਹਾਦਸੇ ਵਾਪਰਦੇ ਸਨ। ਇਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਨੋਟੀਫਿਕੇਸ਼ਨ ਅਨੁਸਾਰ NH-503 ‘ਤੇ ਰੂਪਨਗਰ ਵਿੱਚ 44.7 ਕਿਲੋਮੀਟਰ ਤੋਂ 61.7 ਕਿਲੋਮੀਟਰ ਤੱਕ ਦੇ ਟ੍ਰੈਕ ਨੂੰ ਫੋਰ-ਲੇਨ ਕੀਤਾ ਜਾਵੇਗਾ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਕੰਮ ਨੂੰ ਪਹਿਲ ਦੇ ਆਧਾਰ ‘ਤੇ ਮੁਕੰਮਲ ਕੀਤਾ ਜਾਵੇ।



