ਖਬਰਿਸਤਾਨ ਨੈੱਟਵਰਕ- ਪੰਜਾਬ ਦੀ ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾਂ ਦੇ ਜਲੰਧਰ ਸਥਿਤ ਘਰ ਦੇ ਬਾਹਰ ਕਥਿਤ ਗੋਲੀਬਾਰੀ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਘਰ ਦੇ ਬਾਹਰ ਕੋਈ ਗੋਲੀਬਾਰੀ ਨਹੀਂ ਹੋਈ, ਪਰ ਦੂਜੇ ਪਾਸੇ ਪਰਿਵਾਰ ਵੱਲੋਂ ਗੰਭੀਰ ਦੋਸ਼ ਲਗਾਏ ਜਾ ਰਹੇ ਹਨ।
1 ਕਰੋੜ ਦੀ ਮੰਗੀ ਜਾ ਰਹੀ ਫਿਰੌਤੀ
ਜਲੰਧਰ ਵਿੱਚ ਹੋਏ ਇਸ ਮਾਮਲੇ ਵਿੱਚ ਗਾਇਕਾ ਦੇ ਪਤੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਤੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ। ਇਹ ਮੰਗ ਕਥਿਤ ਤੌਰ ‘ਤੇ ਸੰਪਤ ਨਹਿਰਾ ਦੇ ਨਾਮ ‘ਤੇ ਕੀਤੀ ਜਾ ਰਹੀ ਹੈ।ਉਨ੍ਹਾਂ ਮੁਤਾਬਕ ਵਟਸਐਪ ਕਾਲਾਂ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਪਰਿਵਾਰ ਦਾ ਦਾਅਵਾ ਹੈ ਕਿ ਘਰ ਦੇ ਬਾਹਰ ਹੋਈ ਕਥਿਤ ਗੋਲੀਬਾਰੀ ਡਰਾਉਣ-ਧਮਕਾਉਣ ਦੀ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ।
ਕੀ ਕਹਿਣੈ ਪਰਿਵਾਰ ਦਾ
ਜਾਣਕਾਰੀ ਮੁਤਾਬਕ ਸ਼ੱਕੀ ਲੋਕ ਪਹਿਲਾਂ ਵੀ ਕਈ ਵਾਰ ਰਾਤ ਸਮੇਂ ਘਰ ਦੇ ਬਾਹਰ ਘੁੰਮਦੇ ਦੇਖੇ ਗਏ ਸਨ ਅਤੇ ਇਸ ਸਬੰਧ ਵਿੱਚ ਪੁਲਿਸ ਕੋਲ ਸ਼ਿਕਾਇਤ ਵੀ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਸੰਪਤ ਨਹਿਰਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ ਮੰਨਿਆ ਜਾਂਦਾ ਹੈ। ਉਸਦਾ ਨਾਮ ਪਹਿਲਾਂ ਸਲਮਾਨ ਖਾਨ ਦੇ ਘਰ ‘ਤੇ ਹੋਈ ਗੋਲੀਬਾਰੀ ਅਤੇ ਕਥਿਤ ਹੱਤਿਆ ਸਾਜ਼ਿਸ਼ ਮਾਮਲੇ ਵਿੱਚ ਵੀ ਸਾਹਮਣੇ ਆ ਚੁੱਕਾ ਹੈ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕਥਿਤ ਗੋਲੀਬਾਰੀ ਦੇ ਪਿੱਛੇ ਅਸਲ ਮਕਸਦ ਕੀ ਸੀ ਅਤੇ ਇਸ ਦੇ ਨਾਲ ਕੌਣ ਜੁੜਿਆ ਹੋ ਸਕਦਾ ਹੈ।