ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਖੁਰਲਾ ਕਿੰਗਰਾ ਸਥਿਤ PNB ਬੈਂਕ ਦੀ ਸ਼ਾਖਾ ਵਿੱਚ ਹੋਈ ਦਿਨ-ਦਹਾੜੇ ਡਕੈਤੀ ਦੇ ਮਾਮਲੇ ‘ਚ ਮੁੱਖ ਮੁਲਜ਼ਮ ‘ਚ DSP ਦੇ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਨਸ਼ੇ ਦੀ ਆਦਤ ਕਾਰਨ 7 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਸੀਸੀਟੀਵੀ (CCTV) ਦੀ ਮਦਦ ਨਾਲ ਹੋਈ ਪਛਾਣ
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਅਮਰੀਕ ਸਿੰਘ ਵਜੋਂ ਹੋਈ ਹੈ, ਜੋ ਕਿ ਗ੍ਰੀਨ ਮਾਡਲ ਟਾਊਨ ਦਾ ਰਹਿਣ ਵਾਲਾ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਚਲਾਕੀ ਨਾਲ ਖਾਂਬੜਾ ਵੱਲ ਫ਼ਰਾਰ ਹੋਏ ਸਨ ਅਤੇ ਰਸਤੇ ਵਿੱਚ ਕੱਪੜੇ ਬਦਲ ਕੇ ਵਾਪਸ ਪਰਤੇ ਸਨ। ਪੁਲਿਸ ਨੇ ਇਲਾਕੇ ਦੇ 50 ਤੋਂ ਵੱਧ ਸੀਸੀਟੀਵੀ ਕੈਮਰੇ ਚੈੱਕ ਕੀਤੇ, ਜਿਸ ਤੋਂ ਬਾਅਦ ਮੁਲਜ਼ਮ ਦੀ ਪਛਾਣ ਹੋ ਸਕੀ।
ਨਸ਼ੇੜੀ ਹੈ ਮੁਲਜ਼ਮ, ਪਹਿਲਾਂ ਵੀ ਦਰਜ ਹਨ ਕੇਸ
ਪੁਲਿਸ ਮੁਤਾਬਕ ਸਿਮਰਨਜੀਤ ਸਿੰਘ ਨਸ਼ੇ ਦਾ ਆਦੀ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਦੋ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ ਇੱਕ ਐਨਡੀਪੀਐਸ (NDPS) ਐਕਟ ਨਾਲ ਸਬੰਧਤ ਹੈ। ਪੁਲਿਸ ਨੇ ਉਸ ਦੇ ਕਬਜ਼ੇ ਵਿੱਚੋਂ ਵਾਰਦਾਤ ਵੇਲੇ ਵਰਤਿਆ ਰਿਵਾਲਵਰ, 3 ਰੌਂਦ ਅਤੇ ਕੁਝ ਨਕਦੀ ਬਰਾਮਦ ਕਰ ਲਈ ਹੈ।
ਦੂਜੇ ਸਾਥੀ ਦੀ ਭਾਲ ਜਾਰੀ
ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 7 ਵਿਖੇ ਬੀ.ਐਨ.ਐਸ (BNS) ਦੀਆਂ ਵੱਖ-ਵੱਖ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਮੁਲਜ਼ਮ ਦਾ ਰਿਮਾਂਡ ਹਾਸਲ ਕਰਕੇ ਉਸ ਦੇ ਦੂਜੇ ਫ਼ਰਾਰ ਸਾਥੀ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ ਅਤੇ ਬਾਕੀ ਰਕਮ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।