ਖ਼ਬਰਿਸਤਾਨ ਨੈੱਟਵਰਕ: ਆਈਪੀਐਲ 2026 (IPL 2026) ਦੇ ਸੀਜ਼ਨ ਦੌਰਾਨ ਜਲੰਧਰ ਲਈ ਇੱਕ ਬਹੁਤ ਹੀ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਮੁੰਬਈ ਇੰਡੀਅਨਜ਼ (Mumbai Indians) ਨੇ ਆਪਣੀ ਟੀਮ ਵਿੱਚ ਵੱਡਾ ਬਦਲਾਅ ਕਰਦਿਆਂ ਜ਼ਖ਼ਮੀ ਅਥਰਵ ਅੰਕੋਲੇਕਰ ਦੀ ਜਗ੍ਹਾ ਜਲੰਧਰ ਦੇ ਨੌਜਵਾਨ ਖਿਡਾਰੀ ਕ੍ਰਿਸ਼ ਭਗਤ ਨੂੰ ਟੀਮ ਵਿੱਚ ਸ਼ਾਮਲ ਕਰ ਲਿਆ ਹੈ। ਦੱਸ ਦੇਈਏ ਕਿ ਕ੍ਰਿਸ਼ ਭਗਤ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਭਤੀਜੇ ਹਨ।
ਅਥਰਵ ਅੰਕੋਲੇਕਰ ਸੱਟ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਹਨ, ਜਿਸ ਕਾਰਨ ਕ੍ਰਿਸ਼ ਨੂੰ ਮੌਕਾ ਮਿਲਿਆ ਹੈ। 21 ਸਾਲਾ ਕ੍ਰਿਸ਼ ਭਗਤ ਸੱਜੇ ਹੱਥ ਦੇ ਮੱਧਮ ਗਤੀ ਦੇ ਤੇਜ਼ ਗੇਂਦਬਾਜ਼ ਹਨ। ਉਹ ਹੁਣ ਤੱਕ ਪੰਜਾਬ ਲਈ 7 ਫਸਟ ਕਲਾਸ ਅਤੇ 9 ਲਿਸਟ-ਏ ਮੈਚ ਖੇਡ ਚੁੱਕੇ ਹਨ। ਉਹ ਹੇਠਲੇ ਕ੍ਰਮ ਵਿੱਚ ਚੰਗੀ ਬੱਲੇਬਾਜ਼ੀ ਕਰਨ ਦੀ ਸਮਰੱਥਾ ਵੀ ਰੱਖਦੇ ਹਨ। ਮੁੰਬਈ ਇੰਡੀਅਨਜ਼ ਨੇ ਕ੍ਰਿਸ਼ ਭਗਤ ਨੂੰ 30 ਲੱਖ ਰੁਪਏ ਦੇ ਬੇਸ ਪ੍ਰਾਈਸ ‘ਤੇ ਆਪਣੀ ਟੀਮ ਦਾ ਹਿੱਸਾ ਬਣਾਇਆ ਹੈ।
ਕ੍ਰਿਸ਼ ਪਿਛਲੇ ਦੋ ਸਾਲਾਂ ਤੋਂ ਮੁੰਬਈ ਇੰਡੀਅਨਜ਼ ਦੇ ਟ੍ਰਾਇਲਜ਼ ਦਾ ਹਿੱਸਾ ਸਨ ਅਤੇ ਹਾਲ ਹੀ ਵਿੱਚ ਡੀਵਾਈ ਪਾਟਿਲ ਟੀ-20 ਕੱਪ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੇ ਹਨ। ਮੁੰਬਈ ਇੰਡੀਅਨਜ਼ ਲਈ ਇਹ ਸੀਜ਼ਨ ਹੁਣ ਤੱਕ ਚੰਗਾ ਨਹੀਂ ਰਿਹਾ। ਟੀਮ ਨੇ ਪਹਿਲਾ ਮੈਚ ਤਾਂ ਜਿੱਤਿਆ ਸੀ ਪਰ ਉਸ ਤੋਂ ਬਾਅਦ ਲਗਾਤਾਰ ਤਿੰਨ ਹਾਰਾਂ ਕਾਰਨ ਉਹ ਅੰਕ ਸੂਚੀ ਵਿੱਚ 9ਵੇਂ ਸਥਾਨ ‘ਤੇ ਹੈ। ਹੁਣ ਟੀਮ ਦਾ ਅਗਲਾ ਮੁਕਾਬਲਾ ਵਾਨਖੇੜੇ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਵਿਰੁੱਧ ਹੋਵੇਗਾ।