ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਫਿਲਹਾਲ ਹੌਲੀ ਪੈ ਗਈ ਹੈ। ਸੈਟੇਲਾਈਟ ਤਸਵੀਰਾਂ ਮੁਤਾਬਕ ਸੂਬੇ ਦੇ ਕਈ ਹਿੱਸਿਆਂ ਤੋਂ ਮਾਨਸੂਨੀ ਬੱਦਲ ਛਟ ਗਏ ਹਨ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਇਲਾਕਿਆਂ ਵਿੱਚ ਬੱਦਲਾਂ ਦੀ ਸੰਘਣਤਾ ਵੱਧ ਹੈ, ਜਦਕਿ ਜਲੰਧਰ, ਲੁਧਿਆਣਾ, ਕਪੂਰਥਲਾ ਅਤੇ ਨਵਾਂਸ਼ਹਿਰ ਵਿੱਚ ਵੀ ਹਲਕੇ ਬੱਦਲ ਨਜ਼ਰ ਆ ਰਹੇ ਹਨ।
ਦੂਜੇ ਪਾਸੇ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਸਮੇਤ ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਵਿੱਚ ਅਸਮਾਨ ਲਗਭਗ ਸਾਫ਼ ਹੈ। ਮੰਗਲਵਾਰ ਸਵੇਰੇ ਮੋਹਾਲੀ ਅਤੇ ਜਲੰਧਰ ਦੇ ਕੁਝ ਇਲਾਕਿਆਂ ਵਿੱਚ ਤੇਜ਼ ਮੀਂਹ ਪਿਆ, ਪਰ ਇਸ ਤੋਂ ਬਾਅਦ ਮੌਸਮ ਆਮ ਹੋ ਗਿਆ ਅਤੇ ਮੀਂਹ ਦੀਆਂ ਗਤੀਵਿਧੀਆਂ ਰੁਕ ਗਈਆਂ।
18 ਜੁਲਾਈ ਤੱਕ ਮਾਨਸੂਨ ਰਹਿ ਸਕਦਾ ਹੈ ਕਮਜ਼ੋਰ
ਮੌਸਮ ਵਿਭਾਗ ਅਨੁਸਾਰ 13 ਤੋਂ 18 ਜੁਲਾਈ ਤੱਕ ਪੰਜਾਬ ਵਿੱਚ ਮਾਨਸੂਨੀ ਗਤੀਵਿਧੀਆਂ ਕਮਜ਼ੋਰ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਉਮੀਦ ਨਹੀਂ ਹੈ। ਮੀਂਹ ਘੱਟ ਹੋਣ ਕਾਰਨ ਲੋਕਾਂ ਨੂੰ ਹੁਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਿਛਲੇ 24 ਘੰਟਿਆਂ ਦੌਰਾਨ ਵੀ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਮੌਸਮ ਸੁੱਕਾ ਰਿਹਾ। ਸਿਰਫ਼ ਸਰਹੱਦੀ ਅਤੇ ਪਹਾੜੀ ਇਲਾਕਿਆਂ ਵਿੱਚ ਕਿਤੇ-ਕਿਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਰਿਕਾਰਡਿੰਗ ਹੋਈ ਹੈ। ਚੰਡੀਗੜ੍ਹ ਵਿੱਚ ਦਿਨ ਭਰ ਅੰਸ਼ਕ ਬੱਦਲ ਛਾਏ ਰਹਿਣ ਅਤੇ ਇੱਕ-ਦੋ ਵਾਰ ਹਲਕੀ ਬਾਰਿਸ਼ ਜਾਂ ਗਰਜ-ਚਮਕ ਦੀ ਸੰਭਾਵਨਾ ਹੈ।ਫਿਲਹਾਲ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਕੋਈ ਵੀ ਮੌਸਮੀ ਅਲਰਟ ਜਾਰੀ ਨਹੀਂ ਕੀਤਾ ਗਿਆ।
ਹਿਮਾਚਲ ਵਿੱਚ ਆਮ ਨਾਲੋਂ 40 ਫ਼ੀਸਦੀ ਵੱਧ ਮੀਂਹ
ਪੜੋਸੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਜੁਲਾਈ ਦੇ ਸ਼ੁਰੂਆਤੀ ਦਿਨਾਂ ਦੌਰਾਨ ਆਮ ਨਾਲੋਂ ਕਰੀਬ 40 ਫ਼ੀਸਦੀ ਵੱਧ ਵਰਖਾ ਦਰਜ ਕੀਤੀ ਗਈ ਹੈ। ਅੰਕੜਿਆਂ ਮੁਤਾਬਕ 1 ਤੋਂ 12 ਜੁਲਾਈ ਤੱਕ ਆਮ ਤੌਰ ‘ਤੇ 85.6 ਮਿਲੀਮੀਟਰ ਮੀਂਹ ਪੈਂਦਾ ਹੈ, ਜਦਕਿ ਇਸ ਵਾਰ ਇਸੇ ਅਰਸੇ ਦੌਰਾਨ 119.6 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਹੈ।