ਚੰਡੀਗੜ੍ਹ, ਮੋਹਾਲੀ ਅਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਦੇਰ ਰਾਤ ਤੋਂ ਮੀਂਹ ਪੈ ਰਿਹਾ ਹੈ। ਚੰਡੀਗੜ੍ਹ ਦੇ ਸੈਕਟਰ-39 ਵਿੱਚ ਭਾਰੀ ਮੀਂਹ ਕਾਰਨ ਦਰੱਖਤ ਸੜਕ ‘ਤੇ ਡਿੱਗ ਗਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ। ਉੱਥੇ ਹੀ ਜਲੰਧਰ ਦੇ ਗਦਈਪੁਰ ਇਲਾਕੇ ਵਿੱਚ ਨਹਿਰ ਦਾ ਬੰਨ੍ਹ ਟੁੱਟਣ ਨਾਲ ਕਾਲੀਆ ਕਾਲੋਨੀ ਵਿੱਚ ਕਰੀਬ ਡੇਢ ਫੁੱਟ ਤੱਕ ਪਾਣੀ ਭਰ ਗਿਆ।
ਜਲੰਧਰ ‘ਚ ਨਹਿਰ ਦਾ ਬੰਨ੍ਹ ਟੁੱਟਿਆ
ਲਗਾਤਾਰ ਮੀਂਹ ਕਾਰਨ ਨਹਿਰ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਬੰਨ੍ਹ ਟੁੱਟ ਗਿਆ ਅਤੇ ਪਾਣੀ ਰਿਹਾਇਸ਼ੀ ਇਲਾਕੇ ਵਿੱਚ ਦਾਖ਼ਲ ਹੋ ਗਿਆ। ਸੂਚਨਾ ਮਿਲਦੇ ਹੀ ਪ੍ਰਸ਼ਾਸਨ ਮੌਕੇ ‘ਤੇ ਪਹੁੰਚਿਆ ਅਤੇ ਕਰੇਨ ਤੇ ਮਿੱਟੀ ਨਾਲ ਭਰੀਆਂ ਬੋਰੀਆਂ ਦੀ ਮਦਦ ਨਾਲ ਬੰਨ੍ਹ ਦੀ ਮੁਰੰਮਤ ਕਰਕੇ ਪਾਣੀ ਦਾ ਵਹਾਅ ਕਾਬੂ ਕੀਤਾ ਗਿਆ।
7 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ
ਮੌਸਮ ਵਿਭਾਗ ਨੇ ਅੱਜ ਪਟਿਆਲਾ, ਫਤਿਹਗੜ੍ਹ ਸਾਹਿਬ, ਰੂਪਨਗਰ (ਰੋਪੜ), ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਲੁਧਿਆਣਾ, ਹੁਸ਼ਿਆਰਪੁਰ ਅਤੇ ਚੰਡੀਗੜ੍ਹ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਜਤਾਈ ਹੈ।
ਤਾਪਮਾਨ ਆਮ ਤੋਂ ਹੇਠਾਂ
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 0.6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਪਰ ਇਹ ਹਾਲੇ ਵੀ ਆਮ ਨਾਲੋਂ 2.5 ਡਿਗਰੀ ਘੱਟ ਹੈ। ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 42.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹਿਮਾਚਲ ‘ਚ ਵੀ ਮੀਂਹ ਦਾ ਅਸਰ
ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਹੈ। ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਦੇ ਸਾਰੇ ਸਕੂਲਾਂ ਅਤੇ ਸਿੱਖਿਆ ਸੰਸਥਾਵਾਂ ਵਿੱਚ ਅੱਜ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਕਾਲਾਅੰਬ ਵਿੱਚ ਜਲਭਰਾਅ ਅਤੇ ਸ਼ਿਮਲਾ ਦੇ ਵਿਕਾਸਨਗਰ ਵਿੱਚ ਪਹਾੜੀ ਤੋਂ ਪੱਥਰ ਡਿੱਗਣ ਕਾਰਨ ਦੋ ਵਾਹਨਾਂ ਨੂੰ ਨੁਕਸਾਨ ਪਹੁੰਚਿਆ।
13 ਜੁਲਾਈ ਤੋਂ ਫਿਰ ਬਦਲੇਗਾ ਮੌਸਮ
ਮੌਸਮ ਵਿਭਾਗ ਮੁਤਾਬਕ 10 ਤੋਂ 12 ਜੁਲਾਈ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। 13 ਜੁਲਾਈ ਤੋਂ ਮਾਨਸੂਨ ਕਮਜ਼ੋਰ ਪੈ ਸਕਦਾ ਹੈ, ਜਿਸ ਨਾਲ ਮੀਂਹ ਦੀਆਂ ਗਤੀਵਿਧੀਆਂ ਘੱਟ ਹੋਣਗੀਆਂ ਅਤੇ ਤਾਪਮਾਨ ਵਿੱਚ ਹੌਲੀ-ਹੌਲੀ ਵਾਧਾ ਹੋਣ ਦੀ ਸੰਭਾਵਨਾ ਹੈ।