ਪੁਣੇ ਦੇ ਕੇਤਨ ਅਗਰਵਾਲ ਕਤਲ ਮਾਮਲੇ ਵਿੱਚ ਹਰ ਰੋਜ਼ ਨਵੇਂ ਖੁਲਾਸੇ ਸਾਹਮਣੇ ਆ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਮੁੱਖ ਦੋਸ਼ੀ ਸੀਆ ਗੋਇਲ ਨੇ ਕੇਤਨ ਨਾਲ ਸਗਾਈ ਤੋਂ ਬਾਅਦ ਆਪਣੇ ਪ੍ਰੇਮੀ ਚੇਤਨ ਚੌਧਰੀ ਨਾਲ ਚੁੱਪਚਾਪ ਕੋਰਟ ਮੈਰਿਜ ਕਰ ਲਈ ਸੀ। ਦਾਅਵਾ ਹੈ ਕਿ ਇਹ ਵਿਆਹ ਕਰੀਬ ਚਾਰ ਮਹੀਨੇ ਪਹਿਲਾਂ ਪੁਣੇ ਦੇ ਰਜਿਸਟਰਾਰ ਦਫ਼ਤਰ ਵਿੱਚ ਹੋਇਆ ਸੀ।
ਪੁਲਿਸ ਮੈਰਿਜ ਸਰਟੀਫਿਕੇਟ ਸਮੇਤ ਹੋਰ ਸਬੂਤ ਇਕੱਠੇ ਕਰ ਰਹੀ ਹੈ। ਸੀਆ ਦੀਆਂ ਦੋ ਕਾਲਜ ਸਹੇਲੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਵਿਆਹ ਦੇ ਗਵਾਹ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ, ਇੰਸਟਾਗ੍ਰਾਮ ਤੋਂ ਡਿਲੀਟ ਕੀਤੀਆਂ ਤਸਵੀਰਾਂ ਵੀ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵਿਆਹ ਤਾਂ ਹੋਣਾ ਹੀ ਨਹੀਂ
ਪੁਲਿਸ ਚੇਤਨ ਚੌਧਰੀ ਦੇ ਬੈਂਕ ਰਿਕਾਰਡ ਦੀ ਵੀ ਜਾਂਚ ਕਰ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਵਿਆਹ ਦੀ ਪ੍ਰਕਿਰਿਆ ਦੌਰਾਨ ਕਿਸੇ ਨੂੰ ਪੈਸੇ ਦਿੱਤੇ ਗਏ ਸਨ ਜਾਂ ਨਹੀਂ।ਜਾਂਚ ਦੌਰਾਨ ਸੀਆ ਦੀ ਇੱਕ ਸਨੈਪਚੈਟ ਚੈਟ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਸ ਨੇ ਆਪਣੀ ਦੋਸਤ ਨੂੰ ਲਿਖਿਆ ਸੀ, “ਇਹ ਵਿਆਹ ਤਾਂ ਹੋਣਾ ਹੀ ਨਹੀਂ।” ਇਸ ਚੈਟ ਨੂੰ ਵੀ ਜਾਂਚ ਦਾ ਅਹਿਮ ਹਿੱਸਾ ਮੰਨਿਆ ਜਾ ਰਿਹਾ ਹੈ।
ਪੁਲਿਸ ਮੁਤਾਬਕ, 31 ਮਈ ਨੂੰ ਕਤਲ ਦੀ ਯੋਜਨਾ ਬਣਾਈ ਗਈ ਸੀ। 14 ਜੂਨ ਨੂੰ ਪਹਿਲੀ ਕੋਸ਼ਿਸ਼ ਨਾਕਾਮ ਰਹੀ, ਪਰ 18 ਜੂਨ ਨੂੰ ਸੀਆ ਨੇ ਪ੍ਰੀ-ਵੈਡਿੰਗ ਫੋਟੋਸ਼ੂਟ ਦਾ ਬਹਾਨਾ ਬਣਾ ਕੇ ਕੇਤਨ ਨੂੰ ਲੋਹਗੜ੍ਹ ਕਿਲ੍ਹੇ ਲੈ ਗਈ। ਦੋਸ਼ ਹੈ ਕਿ ਉੱਥੇ ਪਹਿਲਾਂ ਤੋਂ ਮੌਜੂਦ ਚੇਤਨ ਨਾਲ ਮਿਲ ਕੇ ਕੇਤਨ ਨੂੰ ਕਰੀਬ 400 ਫੁੱਟ ਡੂੰਘੀ ਖੱਡ ਵਿੱਚ ਧੱਕ ਦਿੱਤਾ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।ਫਿਲਹਾਲ ਸੀਆ ਗੋਇਲ ਅਤੇ ਚੇਤਨ ਚੌਧਰੀ 16 ਜੁਲਾਈ ਤੱਕ ਨਿਆਂਇਕ ਹਿਰਾਸਤ ਵਿੱਚ ਹਨ ਅਤੇ ਪੁਲਿਸ ਮਾਮਲੇ ਦੀ ਹਰ ਕੜੀ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।