ਪੁਣੇ ਦੇ ਕੇਤਨ ਅਗਰਵਾਲ ਕਤਲ ਮਾਮਲੇ ਵਿੱਚ ਪੁਲਿਸ ਜਾਂਚ ਦੌਰਾਨ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਮੁਤਾਬਕ, ਮੁੱਖ ਮੁਲਜ਼ਮ ਸਿਆ ਗੋਇਲ ਨੇ ਵਾਰਦਾਤ ਤੋਂ ਪਹਿਲਾਂ ਇੰਟਰਨੈੱਟ ‘ਤੇ ਇੰਦੌਰ ਦੇ ਰਾਜਾ ਰਘੁਵੰਸ਼ੀ ਕਤਲ ਕੇਸ ਬਾਰੇ ਜਾਣਕਾਰੀ ਖੋਜੀ ਸੀ। ਇਸ ਤੋਂ ਇਲਾਵਾ ਉਸ ਨੇ ਇਹ ਵੀ ਸਰਚ ਕੀਤਾ ਸੀ ਕਿ ਕੀ ਪੁਲਿਸ ਹਿਰਾਸਤ ਵਿੱਚ ਮਹਿਲਾਵਾਂ ਨਾਲ ਕੁੱਟਮਾਰ ਹੁੰਦੀ ਹੈ।
ਇਹ ਜਾਣਕਾਰੀ ਸਿਆ ਦੇ ਦੋ ਮੋਬਾਈਲ ਫੋਨਾਂ ਦੀ ਸਰਚ ਹਿਸਟਰੀ ਤੋਂ ਮਿਲੀ ਹੈ। ਪੁਲਿਸ ਨੇ ਹਾਲ ਹੀ ਵਿੱਚ ਸਿਆ ਦੇ ਘਰ ਤੋਂ ਉਸ ਦਾ ਦੂਜਾ ਮੋਬਾਈਲ ਵੀ ਜ਼ਬਤ ਕੀਤਾ ਹੈ, ਜਿਸ ਦੀ ਜਾਂਚ ਜਾਰੀ ਹੈ। ਘਟਨਾ ਵਾਲੇ ਦਿਨ ਦੇ ਕੁਝ ਚਸ਼ਮਦੀਦਾਂ ਦੇ ਬਿਆਨ ਵੀ ਪੁਲਿਸ ਨੂੰ ਮਿਲੇ ਹਨ, ਜਿਸ ਨਾਲ ਜਾਂਚ ਹੋਰ ਮਜ਼ਬੂਤ ਹੋਈ ਹੈ।
ਦੋਸ਼ ਹੈ ਕਿ 18 ਜੂਨ ਨੂੰ ਸਿਆ ਗੋਇਲ ਅਤੇ ਉਸ ਦੇ ਸਾਥੀ ਚੇਤਨ ਚੌਧਰੀ ਨੇ ਕੇਤਨ ਅਗਰਵਾਲ ਨੂੰ ਪੁਣੇ ਦੇ ਲੋਹਗੜ੍ਹ ਕਿਲ੍ਹੇ ‘ਤੇ ਕਰੀਬ 400 ਫੁੱਟ ਡੂੰਘੀ ਖਾਈ ਵਿੱਚ ਧੱਕਾ ਦੇ ਕੇ ਕਤਲ ਕਰ ਦਿੱਤਾ। ਦੋਵੇਂ ਮੁਲਜ਼ਮ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕਤਲ ਦੀ ਸਾਜ਼ਿਸ਼ ਪਹਿਲਾਂ ਤੋਂ ਬਣਾਈ ਗਈ ਸੀ। ਪੁਲਿਸ ਦੇ ਅਨੁਸਾਰ, ਸਿਆ ਨੇ ਪਹਿਲਾਂ ਵੀ ਕੇਤਨ ਨੂੰ ਲੋਹਗੜ੍ਹ ਕਿਲ੍ਹੇ ਲੈ ਜਾ ਕੇ ਧੱਕਾ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਬਚ ਗਿਆ ਸੀ। ਬਾਅਦ ਵਿੱਚ 18 ਜੂਨ ਨੂੰ ਆਪਣੇ ਸਾਥੀ ਨਾਲ ਮਿਲ ਕੇ ਉਸ ਨੇ ਕਥਿਤ ਤੌਰ ‘ਤੇ ਵਾਰਦਾਤ ਨੂੰ ਅੰਜਾਮ ਦਿੱਤਾ।ਪੁਲਿਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਅਤੇ ਡਿਜ਼ੀਟਲ ਸਬੂਤਾਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਜਾਰੀ ਹੈ।