ਖ਼ਬਰਿਸਤਾਨ ਨੈੱਟਵਰਕ: ਪੰਜਾਬ ਅਤੇ ਚੰਡੀਗੜ੍ਹ ਦੇ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੈ। ਸੂਬੇ ਦੇ ਜਲੰਧਰ ਸਮੇਤ ਕਈ ਇਲਾਕਿਆਂ ‘ਚ ਹੁੰਮਸ ਭਰੀ ਗਰਮੀ ਨਾਲ ਲੋਕ ਪ੍ਰੇਸ਼ਾਨ ਹਨ। ਉਥੇ ਹੀ ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ, ਗੁਰਦਾਸਪੁਰ, ਪਠਾਨਕੋਟ, ਫਰੀਦਕੋਟ, ਮੋਹਾਲੀ ਅਤੇ ਪਟਿਆਲਾ ਵਰਗੇ ਕਈ ਇਲਾਕਿਆਂ ਵਿੱਚ ਚੰਗੀ ਬਾਰਸ਼ ਹੋਈ ਹੈ।
9 ਜੁਲਾਈ ਅਲਰਟ ਰਹੇਗਾ ਜਾਰੀ
ਇਸ ਬਾਰਸ਼ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ ਅਤੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ; ਇਸ ਦੌਰਾਨ ਬਠਿੰਡਾ 21.6 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਸ਼ਹਿਰ ਰਿਹਾ। ਮੌਸਮ ਵਿਭਾਗ ਮੁਤਾਬਕ 9 ਜੁਲਾਈ ਤੱਕ ਮੌਸਮ ਅਜਿਹਾ ਹੀ ਬਣਿਆ ਰਹੇਗਾ ਅਤੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼, ਬਿਜਲੀ ਚਮਕਣ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਅੱਜ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਗਰਜ-ਚਮਕ ਦਾ ਅਲਰਟ ਹੈ।
ਭਾਰੀ ਮੀਂਹ ਕਾਰਨ ਧੁੱਸੀ ਬੰਨ੍ਹ ਟੁੱਟਿਆ
ਹਾਲਾਂਕਿ, ਸ਼ੁੱਕਰਵਾਰ ਨੂੰ ਗੁਰਦਾਸਪੁਰ ਵਿੱਚ ਹੋਈ ਭਾਰੀ ਬਾਰਸ਼ ਕਾਰਨ ਬਹਿਰਾਮਪੁਰ ਦਾ ਧੁੱਸੀ ਬੰਨ੍ਹ ਟੁੱਟ ਗਿਆ, ਜਿਸ ਦਾ ਪਾਣੀ ਮੁਗਲਾਨੀਚੱਕ ਪਿੰਡ ਦੇ ਖੇਤਾਂ ਵਿੱਚ ਭਰ ਗਿਆ, ਪਰ ਹੁਣ ਹਾਲਾਤ ਹੌਲੀ-ਹੌਲੀ ਆਮ ਵਾਂਗ ਹੋ ਰਹੇ ਹਨ। ਦੂਜੇ ਪਾਸੇ, ਚੰਡੀਗੜ੍ਹ ਦੇ ਸੈਕਟਰ-26 ਵਿੱਚ ਸਥਿਤ ਸੀ.ਟੀ.ਈ.ਟੀ. (CCET) ਕਾਲਜ ਦੇ ਇੱਕ ਹਾਲ ਦਾ ਹਿੱਸਾ ਡਿੱਗ ਗਿਆ, ਪਰ ਖ਼ੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਇਮਾਰਤ ਨੂੰ ਪਹਿਲਾਂ ਹੀ ਅਸੁਰੱਖਿਅਤ ਐਲਾਨ ਕੇ ਬੰਦ ਕੀਤਾ ਹੋਇਆ ਸੀ।