ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਕਿੰਨੌਰ ਜ਼ਿਲ੍ਹੇ ਵਿੱਚ ਬੀਤੀ ਰਾਤ ਪਏ ਤੇਜ਼ ਮੀਂਹ ਤੋਂ ਬਾਅਦ ਚੋਲਿੰਗ ਇਲਾਕੇ ਵਿੱਚ ਮਲਬਾ ਰਾਸ਼ਟਰੀ ਰਾਜਮਾਰਗ (ਨੈਸ਼ਨਲ ਹਾਈਵੇ) ‘ਤੇ ਆ ਡਿੱਗਿਆ, ਜਿਸ ਕਾਰਨ ਦੋ ਵਾਹਨ ਮਲਬੇ ਹੇਠਾਂ ਦੱਬ ਗਏ। ਇਸ ਘਟਨਾ ਤੋਂ ਬਾਅਦ ਹਾਈਵੇ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਪੀਡਬਲਯੂਡੀ ਦੀਆਂ ਟੀਮਾਂ ਮੌਕੇ ‘ਤੇ ਸੜਕ ਨੂੰ ਮੁੜ ਬਹਾਲ ਕਰਨ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੀਆਂ ਹਨ।
ਇਸੇ ਦੌਰਾਨ ਕਿੰਨੌਰ ਦੇ ਰਿੱਬਾ ਪਿੰਡ ਵਿੱਚ ਸਵੇਰੇ ਕਰੀਬ 3 ਵਜੇ ਅਚਾਨਕ ਆਏ ਫਲੈਸ਼ ਫਲੱਡ ਕਾਰਨ ਲੋਕਾਂ ਵਿੱਚ ਹੜਕੰਪ ਮਚ ਗਿਆ। ਕਈ ਲੋਕ ਘਰਾਂ ਤੋਂ ਬਾਹਰ ਨਿਕਲ ਆਏ, ਜਦਕਿ ਕੁਝ ਨੇ ਆਪਣੇ ਵਾਹਨਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ।
ਮੌਸਮ ਵਿਭਾਗ (IMD) ਮੁਤਾਬਕ ਪਿਛਲੇ ਦੋ ਦਿਨਾਂ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਆਮ ਨਾਲੋਂ 211 ਫੀਸਦੀ ਵੱਧ ਬਾਰਿਸ਼ ਦਰਜ ਕੀਤੀ ਗਈ ਹੈ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 6 ਦਿਨਾਂ ਤੱਕ ਮੀਂਹ ਤੋਂ ਰਾਹਤ ਦੀ ਕੋਈ ਸੰਭਾਵਨਾ ਨਹੀਂ ਹੈ।
6 ਦਿਨਾਂ ਦਾ ਅਲਰਟ
ਅੱਜ ਕਾਂਗੜਾ ਅਤੇ ਮੰਡੀ ਜ਼ਿਲ੍ਹਿਆਂ ਲਈ ਆਰੈਂਜ ਅਲਰਟ, ਜਦਕਿ ਕੁੱਲੂ, ਸ਼ਿਮਲਾ, ਸਿਰਮੌਰ ਅਤੇ ਊਨਾ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 4, 5 ਅਤੇ 6 ਜੁਲਾਈ ਨੂੰ ਵੀ ਸੂਬੇ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।
ਮੌਸਮ ਵਿਭਾਗ ਨੇ ਲੋਕਾਂ ਨੂੰ ਨਦੀਆਂ ਅਤੇ ਨਾਲਿਆਂ ਤੋਂ ਦੂਰ ਰਹਿਣ, ਲੈਂਡਸਲਾਈਡ ਪ੍ਰਭਾਵਿਤ ਖੇਤਰਾਂ ਵਿੱਚ ਖਾਸ ਸਾਵਧਾਨੀ ਵਰਤਣ ਅਤੇ ਮੌਸਮ ਨਾਲ ਜੁੜੀਆਂ ਤਾਜ਼ਾ ਚੇਤਾਵਨੀਆਂ ‘ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ।
ਲਗਾਤਾਰ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਵਿੱਚ 49 ਸੜਕਾਂ, 42 ਬਿਜਲੀ ਟ੍ਰਾਂਸਫਾਰਮਰ ਅਤੇ 27 ਪੀਣ ਵਾਲੇ ਪਾਣੀ ਦੀਆਂ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ, ਜਿਸ ਨਾਲ ਕਈ ਇਲਾਕਿਆਂ ਵਿੱਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।