ਪੰਜਾਬ ਦੇ ਮਾਨਸਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਗੁਰਦੁਆਰਾ ਸਾਹਿਬ ਨੇੜੇ ਰਹਿੰਦੀ 35 ਸਾਲਾ ਸੰਦੀਪ ਕੌਰ ਨੇ ਕਥਿਤ ਤੌਰ ‘ਤੇ ਆਪਣੇ ਤਿੰਨ ਬੱਚਿਆਂ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਫਾਹਾ ਲੈ ਕੇ ਜਾਨ ਦੇ ਦਿੱਤੀ।
ਮ੍ਰਿਤਕ ਬੱਚਿਆਂ ਦੀ ਪਛਾਣ 12 ਸਾਲਾ ਖੁਸ਼ਪ੍ਰੀਤ, 7 ਸਾਲਾ ਸੁਮਨਦੀਪ ਅਤੇ ਡੇਢ ਸਾਲਾ ਵਿਸ਼ਵਾਸ ਸਿੰਘ ਵਜੋਂ ਹੋਈ ਹੈ। ਇਹ ਘਟਨਾ ਵੀਰਵਾਰ ਦੁਪਹਿਰ ਕਰੀਬ 12 ਵਜੇ ਵਾਪਰੀ ਦੱਸੀ ਜਾ ਰਹੀ ਹੈ, ਪਰ ਇਸਦਾ ਖੁਲਾਸਾ ਸ਼ਾਮ ਨੂੰ ਉਸ ਵੇਲੇ ਹੋਇਆ ਜਦੋਂ ਇੱਕ ਰਿਸ਼ਤੇਦਾਰ ਘਰ ਪਹੁੰਚਿਆ। ਘਰ ਅੰਦਰ ਸੰਦੀਪ ਕੌਰ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ, ਜਦਕਿ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਬੈੱਡ ‘ਤੇ ਪਈਆਂ ਸਨ।
ਮੁੱਢਲੀ ਜਾਣਕਾਰੀ ਅਨੁਸਾਰ ਪਰਿਵਾਰ ਦੀ ਆਰਥਿਕ ਤੰਗੀ ਇਸ ਘਟਨਾ ਦਾ ਇੱਕ ਸੰਭਾਵਿਤ ਕਾਰਨ ਮੰਨੀ ਜਾ ਰਹੀ ਹੈ। ਸੰਦੀਪ ਕੌਰ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਅਤੇ ਉਸਦੇ ਪਤੀ ਨਿੱਕਾ ਸਿੰਘ ਦੀ ਚਾਰ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ।
ਸੂਚਨਾ ਮਿਲਦੇ ਹੀ ਮਾਨਸਾ ਸਿਟੀ-2 ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਚਾਰਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।
ਗੌਰਤਲਬ ਹੈ ਕਿ ਪੰਜਾਬ ਵਿੱਚ ਇੱਕ ਹਫ਼ਤੇ ਅੰਦਰ ਇਹ ਦੂਜੀ ਅਜਿਹੀ ਦਰਦਨਾਕ ਘਟਨਾ ਹੈ। ਇਸ ਤੋਂ ਪਹਿਲਾਂ ਰੂਪਨਗਰ (ਰੋਪੜ) ਵਿੱਚ ਇੱਕ ਮਹਿਲਾ ਨੇ ਆਪਣੇ ਤਿੰਨ ਬੱਚਿਆਂ ਨੂੰ ਨਹਿਰ ਵਿੱਚ ਸੁੱਟਣ ਤੋਂ ਬਾਅਦ ਖੁਦ ਵੀ ਛਾਲ ਮਾਰ ਦਿੱਤੀ ਸੀ। ਉਸ ਮਾਮਲੇ ਵਿੱਚ ਮਹਿਲਾ ਨੂੰ ਤਾਂ ਬਚਾ ਲਿਆ ਗਿਆ ਸੀ, ਪਰ ਤਿੰਨਾਂ ਬੱਚਿਆਂ ਦੀ ਮੌਤ ਹੋ ਗਈ ਸੀ।