ਜਲੰਧਰ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ‘ਤੇ ਵਿਧੀਪੁਰ ਫਲਾਈਓਵਰ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਜਦਕਿ ਤਿੰਨ ਮਾਸੂਮ ਧੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਮ੍ਰਿਤਕਾਂ ਦੀ ਪਛਾਣ ਲੁਧਿਆਣਾ ਦੇ ਬਿਲਾਸਪੁਰ ਪਿੰਡ ਵਾਸੀ ਸੁਰਿੰਦਰ ਸ਼ੁਕਲਾ, ਉਸ ਦੀ ਪਤਨੀ ਪ੍ਰਿਯੰਕਾ ਅਤੇ ਮਾਤਾ ਯਵੰਤੀ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ, ਸੁਰਿੰਦਰ ਸ਼ੁਕਲਾ ਆਪਣੇ ਪਰਿਵਾਰ ਨਾਲ ਸਵਿਫਟ ਕਾਰ ਰਾਹੀਂ ਬਿਆਸ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਵਿਧੀਪੁਰ ਫਲਾਈਓਵਰ ‘ਤੇ ਪਹੁੰਚੇ, ਉਸੇ ਸਮੇਂ ਰੌਂਗ ਸਾਈਡ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਇਨੋਵਾ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸਵਿਫਟ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਹਾਦਸੇ ਵਿੱਚ ਪ੍ਰਿਯੰਕਾ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸੁਰਿੰਦਰ ਸ਼ੁਕਲਾ ਨੇ ਇਲਾਜ ਦੌਰਾਨ ਰਾਤ ਕਰੀਬ 8 ਵਜੇ ਦਮ ਤੋੜ ਦਿੱਤਾ। ਉਸ ਦੀ ਬਜ਼ੁਰਗ ਮਾਤਾ ਯਵੰਤੀ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਕਾਰ ਵਿੱਚ ਸਵਾਰ ਉਨ੍ਹਾਂ ਦੀਆਂ ਤਿੰਨ ਨਾਬਾਲਗ ਧੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ।
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਹਾਦਸੇ ਤੋਂ ਬਾਅਦ ਇਨੋਵਾ ਚਾਲਕ ਨੇ ਜ਼ਖ਼ਮੀਆਂ ਦੀ ਮਦਦ ਕਰਨ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਫਰਾਰ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।