ਤਰਨਤਾਰਨ ਦੇ ਪਿੰਡ ਸੰਘਾ ਵਿੱਚ ਘਰੇਲੂ ਝਗੜੇ ਨੇ ਭਿਆਨਕ ਰੂਪ ਧਾਰ ਲਿਆ। ਆਪਣੀ ਪਤਨੀ ਨੂੰ ਮਨਾ ਕੇ ਘਰ ਲਿਜਾਣ ਆਏ ਨੌਜਵਾਨ ‘ਤੇ ਕਥਿਤ ਤੌਰ ‘ਤੇ ਉਸਦੇ ਸਾਲੇ ਨੇ ਜਲਣਸ਼ੀਲ ਤੇਲ ਪਾ ਕੇ ਅੱਗ ਲਗਾ ਦਿੱਤੀ। ਇਸ ਦਰਦਨਾਕ ਘਟਨਾ ਵਿੱਚ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਨੂੰ ਬਚਾਉਣ ਲਈ ਅੱਗੇ ਆਈ ਦੋਸ਼ੀ ਦੀ ਭਰਜਾਈ ਵੀ ਗੰਭੀਰ ਰੂਪ ਵਿੱਚ ਸੜ ਗਈ ਅਤੇ ਹਸਪਤਾਲ ਵਿੱਚ ਦਮ ਤੋੜ ਗਈ।
ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ, ਵਾਸੀ ਪਿੰਡ ਲੋਪੋਕੇ (ਅੰਮ੍ਰਿਤਸਰ) ਵਜੋਂ ਹੋਈ ਹੈ। ਦੂਜੀ ਮ੍ਰਿਤਕ ਗੁਰਜੀਤ ਕੌਰ, ਪਿੰਡ ਸੰਘਾ ਦੀ ਰਹਿਣ ਵਾਲੀ ਸੀ।ਪੁਲਿਸ ਮੁਤਾਬਕ, ਲਵਪ੍ਰੀਤ ਦੀ ਪਤਨੀ ਸੰਦੀਪ ਕੌਰ ਪਰਿਵਾਰਕ ਝਗੜੇ ਕਾਰਨ ਆਪਣੇ ਪੇਕੇ ਘਰ ਰਹਿ ਰਹੀ ਸੀ। ਲਵਪ੍ਰੀਤ ਉਸ ਨੂੰ ਮਨਾਉਣ ਲਈ ਸਹੁਰੇ ਘਰ ਗਿਆ ਸੀ। ਇਸ ਦੌਰਾਨ ਹੋਈ ਬਹਿਸ ਵਿੱਚ ਸਾਲੇ ਸਾਜਨ ਸਿੰਘ ਨੇ ਕਥਿਤ ਤੌਰ ‘ਤੇ ਉਸ ‘ਤੇ ਜਲਣਸ਼ੀਲ ਤੇਲ ਪਾ ਕੇ ਅੱਗ ਲਗਾ ਦਿੱਤੀ।
ਘਟਨਾ ਦੌਰਾਨ ਲਵਪ੍ਰੀਤ ਨੂੰ ਬਚਾਉਣ ਲਈ ਅੱਗੇ ਆਈ ਗੁਰਜੀਤ ਕੌਰ ਵੀ ਅੱਗ ਦੀ ਲਪੇਟ ਵਿੱਚ ਆ ਗਈ। ਦੋਵੇਂ ਦੀ ਮੌਤ ਹੋ ਗਈ, ਜਦਕਿ ਦੋਸ਼ੀ ਵੀ ਝੁਲਸ ਗਿਆ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਹੈ।ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਦੋਸ਼ੀ ਸਾਜਨ ਸਿੰਘ ਖ਼ਿਲਾਫ਼ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।