ਰਾਜਧਾਨੀ ਦਿੱਲੀ ਦੇ ਅਲੀਪੁਰ ਦੇ ਦਿਆਲ ਬਾਜ਼ਾਰ 'ਚ ਸਥਿਤ ਪੇਂਟ ਫੈਕਟਰੀ 'ਚ ਬੀਤੀ ਸ਼ਾਮ ਅੱਗ ਲੱਗ ਗਈ। ਰਿਪੋਰਟ ਮੁਤਾਬਕ ਅੱਗ ਲੱਗਣ ਤੋਂ ਬਾਅਦ ਕੋਈ ਵੀ ਮਜ਼ਦੂਰ ਫੈਕਟਰੀ ਤੋਂ ਬਾਹਰ ਨਹੀਂ ਆ ਸਕਿਆ। ਮਰਨ ਵਾਲਿਆਂ ਦੀ ਗਿਣਤੀ ਹੁਣ 11 ਤੱਕ ਪਹੁੰਚ ਗਈ ਹੈ। ਅਜਿਹੇ 'ਚ ਕਈ ਹੋਰ ਲੋਕਾਂ ਦੇ ਵੀ ਮਾਰੇ ਜਾਣ ਦਾ ਖਦਸ਼ਾ ਹੈ। ਮਾਰੇ ਗਏ ਮਜ਼ਦੂਰਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਫਾਇਰ ਬ੍ਰਿਗੇਡ ਦੀਆਂ 22 ਗੱਡੀਆਂ ਨੇ ਅੱਗ 'ਤੇ ਪਾਇਆ ਕਾਬੂ
ਫਾਇਰ ਬ੍ਰਿਗੇਡ ਦੀਆਂ 22 ਗੱਡੀਆਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਸੀ। ਇਸ ਹਾਦਸੇ 'ਚ 4 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਰਾਜਾ ਹਰੀਸ਼ਚੰਦਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਸ਼ਾਮ ਕਰੀਬ 5:30 ਵਜੇ ਵਾਪਰੀ।
ਪੁਲਸ ਨੇ ਦੱਸਿਆ ਕਿ ਫੈਕਟਰੀ 'ਚ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਆਸ-ਪਾਸ ਦੇ ਕੁਝ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਧਮਾਕਾ ਫੈਕਟਰੀ ਵਿੱਚ ਰੱਖੇ ਕੈਮੀਕਲ ਕਾਰਨ ਹੋਇਆ ਹੈ।