ਅੰਮ੍ਰਿਤਸਰ 'ਚ NRI ਗੋਲੀ ਕਾਂਡ 'ਚ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਸ ਨੇ ਜ਼ਖਮੀ ਦੀ ਪਹਿਲੀ ਪਤਨੀ ਦੇ ਪਰਿਵਾਰ ਦੇ ਪੰਜ ਮੈਂਬਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਕਮਿਸ਼ਨਰ ਨੇ ਦੱਸਿਆ ਕਿ ਸੁਖਚੈਨ ਅੰਮ੍ਰਿਤਸਰ ਦੇ ਦਬੁਰਜੀ ਇਲਾਕੇ ਦਾ ਰਹਿਣ ਵਾਲਾ ਹੈ, ਉਸ ਦੀ ਕਾਰ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਪੁੱਛਣ ਦੇ ਬਹਾਨੇ ਦੋ ਵਿਅਕਤੀ ਉਸ ਦੇ ਘਰ ਦਾਖਲ ਹੋਏ ਅਤੇ ਫਿਰ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਸੁਖਚੈਨ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।ਫਿਲਹਾਲ 5 ਲੋਕਾਂ ਨੂੰ ਰਾਊਂਡਅਪ ਕੀਤਾ ਗਿਆ ਹੈ।
ਜਾਣੋ ਪੂਰਾ ਮਾਮਲਾ
ਸੁਖਚੈਨ ਸਿੰਘ ਸਵੇਰੇ 7.05 ਵਜੇ ਜਿੰਮ ਜਾਣ ਤੋਂ ਪਹਿਲਾਂ ਬੁਰਸ਼ ਕਰ ਰਿਹਾ ਸੀ ਕਿ ਦੋ ਨੌਜਵਾਨ ਬਾਈਕ 'ਤੇ ਆਏ ਅਤੇ ਘਰ 'ਚ ਦਾਖਲ ਹੋ ਗਏ। ਜਿਵੇਂ ਹੀ ਉਹ ਘਰ ਅੰਦਰ ਵੜੇ ਤਾਂ ਮੁਲਜ਼ਮ ਉਸ ਦੀ ਮਰਸਡੀਜ਼ ਕਾਰ ਦੇ ਕਾਗਜ਼ਾਤ ਦਿਖਾਉਣ ਦੀ ਮੰਗ ਕਰਨ ਲੱਗੇ। ਜਦੋਂ ਸੁਖਚੈਨ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਹਥਿਆਰ ਦਿਖਾ ਕੇ ਸੁਖਚੈਨ ਸਿੰਘ ਨੂੰ ਅੰਦਰ ਲੈ ਗਏ। ਮੁਲਜ਼ਮਾਂ ਨੇ ਪਿਸਤੌਲ ਨਾਲ ਤਿੰਨ ਗੋਲੀਆਂ ਚਲਾਈਆਂ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਗਿਆ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਚਾ ਵੀ ਹਮਲਾਵਰ ਦੇ ਸਾਹਮਣੇ ਹੱਥ ਜੋੜ ਰਿਹਾ ਹੈ।
ਪਹਿਲੀ ਪਤਨੀ ਨੇ ਖੁਦਕੁਸ਼ੀ ਕਰ ਲਈ ਸੀ
ਸੁਖਚੈਨ ਦੀ ਪਤਨੀ ਨੇ ਦੱਸਿਆ ਕਿ ਜਦੋਂ ਹਥਿਆਰ ਅਟਕ ਗਿਆ ਤਾਂ ਮੁਲਜ਼ਮ ਘਰੋਂ ਭੱਜ ਗਏ। ਉਨ੍ਹਾਂ ਦੱਸਿਆ ਕਿ ਉਹ ਉਸਦੀ ਦੂਜੀ ਪਤਨੀ ਹੈ ਅਤੇ ਉਸਦੀ ਪਹਿਲੀ ਪਤਨੀ ਨੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਦੀ ਪਤਨੀ ਦੇ ਮਾਮੇ ਵੱਲੋਂ ਐਫਆਈਆਰ ਵੀ ਦਰਜ ਕਰਵਾਈ ਗਈ ਸੀ ਅਤੇ ਮਾਮਲਾ ਅਦਾਲਤ ਵਿੱਚ ਚੱਲਿਆ ਸੀ। ਉਨ੍ਹਾਂ ਦੇ ਦੋ ਬੱਚੇ ਹਨ, ਜੋ ਸੁਖਚੈਨ ਨਾਲ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਕਰੀਬ 5 ਮਹੀਨੇ ਪਹਿਲਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ।
ਮਾਂ ਤੇ ਬੱਚੇ ਜੋੜਦੇ ਰਹੇ ਹੱਥ
ਜਦੋਂ ਇਹ ਘਟਨਾ ਵਾਪਰੀ ਤਾਂ ਘਰ ਵਿੱਚ 2 ਬੱਚੇ ਅਤੇ ਇੱਕ ਬਜ਼ੁਰਗ ਮਾਂ ਸਮੇਤ 5 ਲੋਕ ਮੌਜੂਦ ਸਨ। ਨਿੱਕੇ-ਨਿੱਕੇ ਬੱਚੇ ਹੱਥ ਜੋੜ ਕੇ ਪਿਤਾ ਨੂੰ ਛੱਡਣ ਲਈ ਬੇਨਤੀ ਕਰਦੇ ਰਹੇ।ਗੋਲੀਆਂ ਚਲਾਉਣ ਤੋਂ ਬਾਅਦ ਜਦੋਂ ਹਥਿਆਰ ਅਟਕ ਗਿਆ ਤਾਂ ਮੁਲਜ਼ਮ ਘਰੋਂ ਫਰਾਰ ਹੋ ਗਏ।
ਫਾਇਰਿੰਗ ਮਾਮਲੇ 'ਚ ਕੁਲਦੀਪ ਸਿੰਘ ਧਾਲੀਵਾਲ ਦਾ ਵੱਡਾ ਬਿਆਨ
ਹੁਣ ਇਸ ਮਾਮਲੇ ਵਿੱਚ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੰਤਰੀ ਧਾਲੀਵਾਲ ਨੇ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਹਮਲੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ
ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ, ਮੈਂ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਬਹੁਤ ਦੁਖੀ ਹਾਂ, ਅੱਜ ਸਵੇਰੇ ਸ਼ਰਾਰਤੀ ਅਨਸਰਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਬੁਰਜੀ 'ਚ NRI ਸੁਖਚੈਨ ਸਿੰਘ ਦੇ ਘਰ ਵੜ ਕੇ ਗੋਲੀਆਂ ਚਲਾ ਦਿੱਤੀਆਂ। ਮਾਂ ਆਪਣੇ ਪੁੱਤਰ ਨੂੰ ਬਚਾਉਣ ਲਈ ਹੱਥ ਜੋੜ ਰਹੀ ਸੀ ਅਤੇ ਮਾਸੂਮ ਬੱਚਾ ਆਪਣੇ ਪਿਤਾ ਨੂੰ ਬਚਾਉਣ ਲਈ ਹੱਥ ਜੋੜ ਰਿਹਾ ਸੀ।