ਭਾਜਪਾ ਨੇ ਹਰਿਆਣਾ ਦੀ ਕਰਨਾਲ ਲੋਕ ਸਭਾ ਸੀਟ ਤੋਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਖੱਟਰ ਨੂੰ ਟੱਕਰ ਦੇਣ ਲਈ ਕਾਂਗਰਸ ਹਾਈਕਮਾਂਡ ਨੇ ਪੈਨਲ ਵਿੱਚ ਸ਼ਾਮਲ ਨਾਵਾਂ ਨੂੰ ਰੱਦ ਕਰ ਦਿੱਤਾ ਹੈ। ਹੁਣ ਮਸ਼ਹੂਰ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ ਚੋਣ ਮੈਦਾਨ 'ਚ ਉਤਾਰਨ 'ਤੇ ਵਿਚਾਰ ਕਰ ਰਹੀ ਹੈ।
ਦੱਸ ਦੇਈਏ ਕਿ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਨ। ਭੈਣ ਪ੍ਰਿਆ ਦੱਤ ਵੀ ਸਾਂਸਦ ਰਹਿ ਚੁੱਕੀ ਹੈ। ਦੱਤ ਪਰਿਵਾਰ ਦਾ ਜੱਦੀ ਘਰ ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਮੇਂਡੋਲੀ ਵਿੱਚ ਹੈ, ਜਿੱਥੇ ਉਨ੍ਹਾਂ ਦਾ ਅਜੇ ਵੀ ਆਉਣਾ ਜਾਣਾ ਹੈ।
ਕਾਂਗਰਸ ਗੁਰੂਗ੍ਰਾਮ ਲੋਕ ਸਭਾ ਸੀਟ ਤੋਂ ਰਾਜ ਬੱਬਰ ਨੂੰ ਟਿਕਟ ਦੇ ਸਕਦੀ ਹੈ। ਅਦਾਕਾਰ ਸੁਨੀਲ ਦੱਤ ਦਾ ਜਨਮ 6 ਜੂਨ 1929 ਨੂੰ ਜੇਹਲਮ ਪੱਛਮੀ ਪੰਜਾਬ (ਪਾਕਿਸਤਾਨ) ਵਿੱਚ ਹੋਇਆ ਸੀ। ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਮੇਂਡੋਲੀ ਪਿੰਡ ਆ ਕੇ ਵਸ ਗਿਆ। ਕੁਝ ਕਾਂਗਰਸੀ ਆਗੂ ਸੰਜੇ ਦੱਤ ਨੂੰ ਸਿਆਸਤ ਵਿੱਚ ਲਿਆਉਣਾ ਚਾਹੁੰਦੇ ਹਨ। ਇਸ ਲਈ ਕਰਨਾਲ ਸੀਟ ਉਸ ਲਈ ਢੁਕਵੀਂ ਜਾਪਦੀ ਹੈ।
ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਜਾਵੇਗਾ ਅੰਤਿਮ ਫੈਸਲਾ
ਸੋਨੀਆ ਗਾਂਧੀ, ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਕੇ ਸੀ ਵੇਣੂਗੋਪਾਲ ਦੀ ਮੌਜੂਦਗੀ 'ਚ ਕਰਨਾਲ ਸੀਟ ਲਈ ਸੰਜੇ ਦੱਤ ਦੇ ਨਾਂ 'ਤੇ ਚਰਚਾ ਹੋਈ ਪਰ ਪਾਰਟੀ ਦੇ ਸੂਬਾ ਪੱਧਰੀ ਨੇਤਾਵਾਂ ਨਾਲ ਚਰਚਾ ਤੋਂ ਬਾਅਦ ਅੰਤਿਮ ਫੈਸਲਾ ਲਿਆ ਜਾਵੇਗਾ। ਗੁਰੂਗ੍ਰਾਮ ਲੋਕ ਸਭਾ ਸੀਟ ਤੋਂ ਸਾਬਕਾ ਸੰਸਦ ਮੈਂਬਰ ਰਾਜ ਬੱਬਰ ਦੇ ਨਾਂ 'ਤੇ ਚਰਚਾ ਚੱਲ ਰਹੀ ਹੈ।