ਹਰਿਆਣਾ ਦੇ ਸੋਨੀਪਤ 'ਚ ਸੋਮਵਾਰ ਸਵੇਰੇ ਬਾਈਕ ਸਵਾਰ ਦੋ ਹਮਲਾਵਰਾਂ ਨੇ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸਰਪੰਚ ਦੀ ਪਛਾਣ ਰਾਜੇਸ਼ ਉਰਫ਼ ਰਾਜੂ ਵਾਸੀ ਪਿੰਡ ਛਿਛਡਾਣਾ ਵਜੋਂ ਹੋਈ ਹੈ। ਇਸ ਤੋਂ ਪਹਿਲਾਂ ਵੀ ਪੰਚਾਇਤੀ ਚੋਣਾਂ ਤੋਂ ਦੋ ਦਿਨ ਪਹਿਲਾਂ ਸਰਪੰਚ ਉਮੀਦਵਾਰ ਦਲਬੀਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਦੱਸ ਦਈਏ ਕਿ ਇਸ ਮਾਮਲੇ ਦੀਆਂ ਤਾਰਾਂ ਵੀ ਪਹਿਲਾਂ ਵਾਂਗ ਹੀ ਜੁੜੀਆਂ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰਪੰਚ ਦੇ ਕਤਲ ਕਾਰਨ ਪਿੰਡ ਵਿੱਚ ਤਣਾਅ ਦਾ ਮਾਹੌਲ ਹੈ।
ਖੇਤਾਂ ਰਾਹੀਂ ਇਸ ਜੁਰਮ ਨੂੰ ਦਿੱਤਾ ਗਿਆ ਅੰਜਾਮ
ਸਰਪੰਚ ਰਾਜੂ (45) ਸਵੇਰੇ ਬਾਈਕ ’ਤੇ ਖੇਤਾਂ ਨੂੰ ਜਾਣ ਲਈ ਨਿਕਲਿਆ ਸੀ। ਜਦੋਂ ਉਹ ਪਿੰਡ ਦੇ ਬਾਹਰ ਆਪਣੇ ਖੇਤਾਂ ਨੂੰ ਜਾਂਦੇ ਰਸਤੇ 'ਚ ਪਹੁੰਚਿਆ ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਪਹਿਲਾਂ ਹੀ ਹਥਿਆਰਾਂ ਨਾਲ ਲੈਸ ਖੜ੍ਹੇ ਸਨ। ਜਿਵੇਂ ਹੀ ਸਰਪੰਚ ਰਾਜੇਸ਼ ਪਿੰਡ ਦੇ ਬਾਹਰ ਪਹੁੰਚਿਆ ਤਾਂ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਸਰਪੰਚ ਬਾਈਕ ਸਮੇਤ ਸੜਕ ਦੇ ਕਿਨਾਰੇ ਡਿੱਗ ਗਿਆ। ਇਸ ਤੋਂ ਬਾਅਦ ਹਮਲਾਵਰ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ।
ਕਈ ਪਹਿਲੂਆਂ ਤੋਂ ਕੀਤੀ ਜਾ ਜਾਰੀ ਜਾਂਚ
ਜਦੋਂ ਪਿੰਡ ਵਾਸੀਆਂ ਨੇ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਬਰੌਦਾ ਥਾਣੇ ਨੂੰ ਸੂਚਨਾ ਦਿੱਤੀ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਵਿਮੈਨ ਮੈਡੀਕਲ ਕਾਲਜ ਹਸਪਤਾਲ ਖਾਨਪੁਰ ਪਹੁੰਚਾਇਆ ਗਿਆ। ਜਿੱਥੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਕਈ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।