ਜਲੰਧਰ ਦੇ ਆਦਰਸ਼ ਨਗਰ ਦੇ ਹਾਰਟ ਸੈਂਟਰ ਦੇ ਡਾਕਟਰ ਸੰਜੀਵ ਪਾਂਡੇ ਉਰਫ ਸੰਜੇ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਔਰਤ ਜੋਗਿੰਦਰ ਕੌਰ ਦੇ ਇਲਾਜ ਦੌਰਾਨ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਜਦੋਂ ਮ੍ਰਿਤਕ ਔਰਤ ਦੇ ਪੁੱਤਰ ਨੇ ਮਾਮਲੇ ਦੀ ਜਾਂਚ ਕਰਵਾਈ ਤਾਂ ਸਾਹਮਣੇ ਆਇਆ ਕਿ ਡਾਕਟਰ ਪਾਂਡੇ ਦੀ ਮੈਡੀਕਲ ਡਿਗਰੀ ਫਰਜ਼ੀ ਸੀ। ਪੁਲਸ ਨੇ ਡਾਕਟਰ ਪਾਂਡੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾਕਟਰ ਪਾਂਡੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਜਾਂਚ ਲਈ ਬੁਲਾਇਆ ਗਿਆ ਸੀ, ਪਰ ਉਹ ਨਹੀਂ ਆਏ।
23 ਅਗਸਤ ਨੂੰ ਦਿੱਤੀ ਗਈ ਸੀ ਪੁਲਿਸ ਨੂੰ ਸ਼ਿਕਾਇਤ
ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਸਮੇਰ ਸਿੰਘ ਨੇ ਸ਼ਿਕਾਇਤ 23 ਅਗਸਤ ਨੂੰ ਦਿੱਤੀ ਸੀ। ਇਸ ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਉਸ ਦੀ ਮਾਂ ਆਦਰਸ਼ ਨਗਰ ਦੇ ਹਾਰਟ ਸੈਂਟਰ ਹਸਪਤਾਲ ਵਿੱਚ ਦਾਖ਼ਲ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਡਾਕਟਰ ਅਮਿਤ ਜੈਨ, ਡਾਕਟਰ ਸੰਜੀਵ ਪਾਂਡੇ, ਨਰਸਾਂ ਕੁਲਵਿੰਦਰ ਕੌਰ ਅਤੇ ਮਨਜਿੰਦਰ ਕੌਰ ’ਤੇ ਇਲਾਜ ਦੌਰਾਨ ਅਣਗਹਿਲੀ ਵਰਤਣ ਦੇ ਦੋਸ਼ ਲਾਏ।
ਬੇਟੇ ਨੇ ਖੁਦ ਹੀ ਡਾਕਟਰ ਦੀ ਸੱਚਾਈ ਦਾ ਲਗਾਇਆ ਪਤਾ
ਜਸਮੇਰ ਸਿੰਘ ਨੂੰ ਡਾਕਟਰ ਪਾਂਡੇ 'ਤੇ ਸ਼ੱਕ ਸੀ। ਜਦੋਂ ਉਨ੍ਹਾਂ ਨੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਕਰਨਾਟਕ ਤੋਂ ਆਰ.ਟੀ.ਆਈ ਰਾਹੀਂ ਡਾ.ਪਾਂਡੇ ਦੀ ਡਿਗਰੀ ਬਾਰੇ ਜਾਣਕਾਰੀ ਮੰਗੀ ਤਦ ਯੂਨੀਵਰਸਿਟੀ ਨੇ ਦੱਸਿਆ ਕਿ MAMS ਦੀ ਡਿਗਰੀ ਫਰਜ਼ੀ ਹੈ। ਡਾਕਟਰ ਪਾਂਡੇ ਜਾਅਲੀ ਡਿਗਰੀਆਂ ਰਾਹੀਂ ਮਰੀਜ਼ਾਂ ਦਾ ਇਲਾਜ ਕਰ ਕੇ ਉਨ੍ਹਾਂ ਦੀਆਂ ਜਾਨਾਂ ਨਾਲ ਖੇਡ ਰਹੇ ਸਨ।
ਇਲਾਜ ਕਰਨ ਵਾਲੇ ਸਾਰੇ ਲੋਕ ਮੌਤ ਲਈ ਜ਼ਿੰਮੇਵਾਰ
ਇਲਜ਼ਾਮ ਲਾਏ ਗਏ ਸਨ ਕਿ ਡਾਕਟਰ ਪਾਂਡੇ ਨੇ ਡਾਕਟਰ ਜੈਨ ਦੇ ਕਹਿਣ 'ਤੇ ਉਸ ਦੀ ਮਾਂ ਦਾ ਇਲਾਜ ਕੀਤਾ ਸੀ। ਇਸ ਲਈ ਮਾਂ ਦੀ ਮੌਤ ਲਈ ਹਰ ਕੋਈ ਜ਼ਿੰਮੇਵਾਰ ਹੈ। ਜਾਂਚ ਰਿਪੋਰਟ ਵਿੱਚ ਕਿਹਾ ਗਿਆ ਕਿ ਡਾਕਟਰ ਪਾਂਡੇ ਨੂੰ ਜਾਂਚ ਲਈ ਵਾਰ-ਵਾਰ ਬੁਲਾਇਆ ਗਿਆ। ਪਰ ਉਹ ਨਹੀਂ ਆਏ। ਜਾਂਚ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਡਾਕਟਰ ਪਾਂਡੇ ਨੇ ਆਪਣੀ ਡਿਗਰੀ ਦਿਖਾ ਕੇ ਨੌਕਰੀ ਲਈ।