ਖਬਰਿਸਤਾਨ ਨੈੱਟਵਰਕ ਜਲੰਧਰ- ਸ਼ਹਿਰ ਦੇ ਮਕਸੂਦਾਂ ਥਾਣੇ ਅਧੀਨ ਪੈਂਦੇ ਕਾਨਪੁਰ 'ਚ ਦਿਨ-ਦਿਹਾੜੇ ਇਕ ਘਰ ਦੇ ਬਾਹਰ 3 ਲੜਕੀਆਂ ਦੀਆਂ ਲਾਸ਼ਾਂ ਸ਼ੱਕੀ ਹਾਲਤ 'ਚ ਮਿਲਣ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਦੱਸ ਦੇਈਏ ਕਿ ਮ੍ਰਿਤਕ ਲੜਕੀਆਂ ਦੀ ਪਛਾਣ ਅੰਮ੍ਰਿਤਾ ਕੁਮਾਰੀ (9), ਸਾਕਸ਼ੀ ਕੁਮਾਰੀ (7) ਅਤੇ ਕੰਚਨ ਕੁਮਾਰੀ (4) ਵਜੋਂ ਹੋਈ ਹੈ।
ਟਰੰਕ 'ਚੋਂ ਮਿਲੀਆਂ ਲਾਸ਼ਾਂ
ਇਸ ਸਬੰਧੀ ਪਿਤਾ ਸੁਸ਼ੀਲ ਮੰਡਲ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ 8 ਵਜੇ ਕੰਮ 'ਤੇ ਚਲਾ ਜਾਂਦਾ ਹੈ ਅਤੇ ਰਾਤ ਨੂੰ 8 ਵਜੇ ਹੀ ਵਾਪਸ ਆਉਂਦਾ ਹੈ। ਉਸ ਨੇ ਕਮਰਾ ਬਦਲ ਕੇ ਕਿਸੇ ਹੋਰ ਥਾਂ ਕਿਰਾਏ ’ਤੇ ਲੈ ਲਿਆ ਸੀ। ਜਦੋਂ ਉਹ ਕੰਮ ਤੋਂ ਘਰ ਪਰਤਿਆ ਤਾਂ ਉਸ ਦੀਆਂ ਤਿੰਨ ਬੇਟੀਆਂ ਨਹੀਂ ਮਿਲੀਆਂ। ਇਸ ਤੋਂ ਬਾਅਦ ਮਕਾਨ ਮਾਲਕ ਨੇ ਰਾਤ 11 ਵਜੇ ਥਾਣਾ ਮਕਸੂਦਾਂ ਵਿਖੇ ਸ਼ਿਕਾਇਤ ਦਰਜ ਕਰਵਾਈ। ਸਵੇਰੇ ਜਦੋਂ ਕਮਰਾ ਖਾਲੀ ਕਰਨ ਲਈ ਇਕ ਟਰੰਕ ਚੁੱਕਣ ਲੱਗੇ ਤਾਂ ਉਹ ਕਾਫੀ ਭਾਰੀ ਸੀ,ਜਦੋਂ ਖੋਲ੍ਹ ਕੇ ਦੇਖਿਆ ਤਾਂ ਉਸ ਦੀਆਂ ਤਿੰਨ ਬੇਟੀਆਂ ਦੀਆਂ ਲਾਸ਼ਾਂ ਅੰਦਰ ਪਈਆਂ ਸਨ।
ਇਲਾਕਾ ਵਾਸੀਆਂ ਨੇ ਪਿਤਾ 'ਤੇ ਲਾਇਆ ਦੋਸ਼
ਇਸ ਮੌਕੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਬੱਚੀਆਂ ਦਾ ਪਿਤਾ ਲਾਪਤਾ ਹੋਣ ਦਾ ਰੌਲਾ ਪਾ ਰਿਹੇ ਸੀ, ਜਿਸ ਦੇ ਸਬੰਧ ਵਿਚ ਪੁਲਸ ਵੀ ਦੇਰ ਰਾਤ ਮੌਕੇ 'ਤੇ ਪਹੁੰਚੀ ਸੀ ਅਤੇ ਜਾਂਚ ਤੋਂ ਬਾਅਦ ਵਾਪਸ ਚਲੀ ਗਈ ਸੀ ਪਰ ਸਵੇਰੇ ਜਦੋਂ ਇਲਾਕੇ 'ਚ ਲੋਕ ਆਉਣ ਲੱਗੇ ਤਾਂ ਉਨ੍ਹਾਂ ਨੇ ਲੜਕੀਆਂ ਨੂੰ ਟਰੰਕ 'ਚ ਸ਼ੱਕੀ ਹਾਲਤ 'ਚ ਪਿਆ ਦੇਖਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ।
ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ
ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਲਾਕਾ ਵਾਸੀਆਂ ਨੇ ਸ਼ੱਕ ਜ਼ਾਹਰ ਕਰਦਿਆਂ ਕਿਹਾ ਕਿ ਲੜਕੀਆਂ ਦੇ ਪਿਤਾ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਬਾਅਦ ਵਿੱਚ ਲੜਕੀਆਂ ਦੇ ਲਾਪਤਾ ਹੋਣ ਦੀ ਝੂਠੀ ਕਹਾਣੀ ਰਚ ਕੇ ਆਪਣਾ ਗੁਨਾਹ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਕੀ ਕਹਿਣਾ ਹੈ ਪੁਲਸ ਦਾ
ਇਸ ਮਾਮਲੇ 'ਚ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਲੜਕੀਆਂ ਦੇ ਪਿਤਾ ਨੂੰ ਹਿਰਾਸਤ 'ਚ ਲੈ ਲਿਆ ਹੈ। ਜਾਂਚ ਕਰ ਰਹੀ ਪੁਲਸ ਨੇ ਇਹ ਵੀ ਕਿਹਾ ਕਿ ਲੜਕੀਆਂ ਦੇ ਸਰੀਰ 'ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਹਨ। ਹੋ ਸਕਦਾ ਹੈ ਕਿ ਕੁੜੀਆਂ ਖੇਡਦੇ ਸਮੇਂ ਟਰੰਕ ਵਿੱਚ ਲੁਕ ਗਈਆਂ ਹੋਣ ਅਤੇ ਫਿਰ ਟਰੰਕ ਦਾ ਢੱਕਣ ਨਾ ਖੁੱਲ੍ਹ ਸਕੇ। ਪੋਸਟਮਾਰਟਮ ਤੋਂ ਬਾਅਦ ਸਭ ਕੁਝ ਸਪੱਸ਼ਟ ਹੋ ਜਾਵੇਗਾ।