ਲਾਰੈਂਸ ਬਿਸ਼ਨੋਈ ਦਾ ਗੈਂਗ ਤੇਜ਼ੀ ਨਾਲ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। ਗਿਰੋਹ ਦੀਆਂ ਗਤੀਵਿਧੀਆਂ ਨੂੰ ਕਾਬੂ ਕਰਨ ਲਈ ਹੁਣ ਸੁਰੱਖਿਆ ਏਜੰਸੀਆਂ ਵੀ ਐਕਸ਼ਨ ਮੋਡ 'ਚ ਆ ਗਈਆਂ ਹਨ। ਇਸ ਦੌਰਾਨ ਅਮਰੀਕਾ ਨੇ ਮੁੰਬਈ ਪੁਲਸ ਦੇ ਸਾਹਮਣੇ ਲਾਰੇਂਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।
ਦਰਅਸਲ ਅਮਰੀਕੀ ਅਧਿਕਾਰੀਆਂ ਨੇ ਮੁੰਬਈ ਪੁਲਸ ਨੂੰ ਲਾਰੇਂਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ (25) ਦੀ ਉਨ੍ਹਾਂ ਦੇ ਦੇਸ਼ 'ਚ ਮੌਜੂਦਗੀ ਦੀ ਸੂਚਨਾ ਦਿੱਤੀ ਹੈ। ਉਨ੍ਹਾਂ ਨੇ ਇਸ ਸਬੰਧੀ ਭਾਰਤ ਨੂੰ ਸੁਚੇਤ ਕੀਤਾ ਹੈ।
ਬਾਬਾ ਸਿੱਦੀਕੀ ਦੇ ਕਤਲ 'ਚ ਆਇਆ ਸੀ ਅਨਮੋਲ ਦਾ ਨਾਂ
ਹਾਲ ਹੀ 'ਚ ਐਨਸੀਪੀ (ਅਜੀਤ ਪਵਾਰ) ਨੇਤਾ ਅਤੇ ਸਾਬਕਾ ਵਿਧਾਇਕ ਬਾਬਾ ਸਿੱਦੀਕੀ ਦੇ ਕਤਲ ਮਾਮਲੇ 'ਚ ਵੀ ਅਨਮੋਲ ਦਾ ਨਾਂ ਸਾਹਮਣੇ ਆਇਆ ਸੀ, ਜਿਸ 'ਚ ਦੋਸ਼ ਲਗਾਇਆ ਗਿਆ ਸੀ ਕਿ ਅਨਮੋਲ ਨੇ ਨੇਤਾ 'ਤੇ ਗੋਲੀ ਚਲਾਉਣ ਵਾਲੇ ਦੋਸ਼ੀਆਂ ਨਾਲ ਗੱਲ ਕੀਤੀ ਸੀ। ਪਿਛਲੇ ਹਫ਼ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਅਨਮੋਲ 'ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।
ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਵੀ ਅਨਮੋਲ ਨੇ ਲਈ
ਏਜੰਸੀ ਨੇ ਕਿਹਾ ਕਿ ਉਸ ਵਿਰੁੱਧ 18 ਕੇਸ ਦਰਜ ਹਨ, ਜਿਨ੍ਹਾਂ ਵਿੱਚ ਇੱਕ ਕੇਸ ਵੀ ਸ਼ਾਮਲ ਹੈ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਸਨੇ 2022 ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਕਥਿਤ ਤੌਰ 'ਤੇ ਹਥਿਆਰ ਅਤੇ ਸਮੱਗਰੀ ਮੁਹੱਈਆ ਕਰਵਾਈ ਸੀ । ਇਸ ਦੇ ਨਾਲ ਹੀ ਅਨਮੋਲ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਦੀ ਜ਼ਿੰਮੇਵਾਰੀ ਵੀ ਲਈ ਸੀ।