ਖਬਰਿਸਤਾਨ ਨੈੱਟਵਰਕ- ਪਹਿਲਗਾਮ ਹਮਲੇ ਤੋਂ ਬਾਅਦ ਜਿਥੇ ਭਾਰਤ ਨੇ ਪਾਕਿਸਤਾਨ ਖਿਲਾਫ ਕਈ ਅਹਿਮ ਫੈਸਲੇ ਲਏ ਹਨ, ਉਥੇ ਹੀ ਹੁਣ ਸਰਕਾਰ ਨੇ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸਾਰੇ ਮੀਡੀਆ ਚੈਨਲਾਂ ਨੂੰ ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿੱਚ ਰੱਖਿਆ ਕਾਰਜਾਂ ਅਤੇ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਦੇ ਲਾਈਵ ਕਵਰੇਜ ਦਿਖਾਉਣ ਤੋਂ ਬਚਣ ਲਈ ਇੱਕ ਸਲਾਹ ਜਾਰੀ ਕੀਤੀ ਹੈ।
ਇਸ ਲਈ ਜਾਰੀ ਕੀਤੀ ਐਡਵਾਈਜ਼ਰੀ
ਇਹ ਐਡਵਾਈਜ਼ਰੀ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਨੂੰ ਲੈ ਕੇ ਜਾਰੀ ਕੀਤੀ ਗਈ ਹੈ। ਦਰਅਸਲ, ਭਾਰਤ ਸਰਕਾਰ ਨੇ ਸਾਰੇ ਮੀਡੀਆ ਹਾਊਸਾਂ ਨੂੰ ਰੱਖਿਆ ਕਾਰਜਾਂ ਅਤੇ ਫੌਜਾਂ ਦੀ ਗਤੀਵਿਧੀ ਨੂੰ ਕਵਰ ਨਾ ਕਰਨ ਦੀ ਸਲਾਹ ਜਾਰੀ ਕੀਤੀ ਹੈ।
"ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿੱਚ ਸਾਰੇ ਮੀਡੀਆ ਪਲੇਟਫਾਰਮਾਂ, ਨਿਊਜ਼ ਏਜੰਸੀਆਂ ਅਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਰੱਖਿਆ ਤੇ ਹੋਰ ਸੁਰੱਖਿਆ ਨਾਲ ਸਬੰਧਤ ਕਾਰਜਾਂ ਨਾਲ ਸਬੰਧਤ ਮਾਮਲਿਆਂ ਦੀ ਰਿਪੋਰਟਿੰਗ ਕਰਦੇ ਸਮੇਂ ਪੂਰੀ ਜ਼ਿੰਮੇਵਾਰੀ ਨਿਭਾਉਣ ਤੇ ਮੌਜੂਦਾ ਕਾਨੂੰਨਾਂ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ।"
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਹੈ। ਸਰਕਾਰ ਨੇ ਸ਼ਨੀਵਾਰ ਨੂੰ ਮੀਡੀਆ ਹਾਊਸਾਂ ਨੂੰ ਰੱਖਿਆ ਕਾਰਜਾਂ ਅਤੇ ਸੁਰੱਖਿਆ ਬਲਾਂ ਦੀ ਗਤੀਵਿਧੀ ਦੇ ਲਾਈਵ ਕਵਰੇਜ ਦਿਖਾਉਣ ਤੋਂ ਬਚਣ ਲਈ ਕਿਹਾ ਹੈ। ਇਸ ਸਲਾਹ ਪਿੱਛੇ ਸਰਕਾਰ ਦਾ ਤਰਕ ਇਹ ਹੈ ਕਿ ਅਜਿਹੀ ਰਿਪੋਰਟਿੰਗ ਅਣਜਾਣੇ ਵਿੱਚ ਵਿਰੋਧੀ ਤੱਤਾਂ ਦੀ ਮਦਦ ਕਰ ਸਕਦੀ ਹੈ। ਇਹ ਸਲਾਹ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਰੱਖਿਆ ਮਾਮਲਿਆਂ ਦੀ ਰਿਪੋਰਟਿੰਗ ਦੇ ਮੱਦੇਨਜ਼ਰ ਦਿੱਤੀ ਗਈ ਹੈ। ਇਸ ਹਮਲੇ ਵਿੱਚ 27 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ।