ਖਬਰਿਸਤਾਨ ਨੈੱਟਵਰਕ - ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦੇ ਫੈਨਸ ਨੂੰ ਇਹ ਸੁਣ ਕੇ ਇਕ ਵਾਰ ਤਾਂ ਜ਼ਰੂਰ ਧੱਕਾ ਲੱਗਿਆ ਕਿ ਉਨ੍ਹਾਂ ਦੀ ਫਿਲਮ ਚੱਲ ਮੇਰਾ ਪੁੱਤ 4 ਇੰਡੀਆ ਵਿਚ ਬੈਨ ਹੋ ਗਈ ਹੈ। ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਭਾਰਤ ਵਿਚ ਬੈਨ ਕਰ ਦਿੱਤੀ ਗਈ ਸੀ।
ਭਾਰਤ ਨੂੰ ਛੱਡ ਬਾਕੀ ਸਾਰੇ ਪਾਸੇ ਰਿਲੀਜ਼ ਹੋਈ ਫਿਲਮ
ਇੰਡੀਆ ਨੂੰ ਛੱਡ ਕੇ ਵਿਦੇਸ਼ਾਂ ਵਿਚ ਚੱਲ ਮੇਰਾ ਪੁੱਤ 4 ਅੱਜ 1 ਅਗਸਤ ਨੂੰ ਸਿਨੇਮਾਘਰਾਂ ਦਾ ਸ਼ਿੰਘਾਰ ਬਣ ਚੁੱਕੀ ਹੈ।ਜ਼ਿਕਰਯੋਗ ਹੈ ਕਿ ਫਿਲਮ ਵਿੱਚ ਪਾਕਿਸਤਾਨੀ ਕਲਾਕਾਰਾਂ ਦੀ ਮੌਜੂਦਗੀ ਕਾਰਨ ਸੈਂਸਰ ਬੋਰਡ ਤੋਂ ਇਸ ਫਿਲਮ ਨੂੰ ਹਰੀ ਝੰਡੀ ਨਹੀਂ ਮਿਲੀ। ਪਾਕਿਸਤਾਨੀ ਕਾਮੇਡੀਅਨ ਇਫਤਿਖਾਰ ਠਾਕੁਰ, ਅਕਰਮ ਉਦਾਸ, ਨਾਸਿਰ ਚਿਨਯੋਤੀ ਦੀ ਫਿਲਮ ਵਿੱਚ ਮੌਜੂਦਗੀ ਵਿਰੁੱਧ ਰਾਸ਼ਟਰੀ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਇਸ ਦੇ ਨਾਲ ਹੀ ਇਫਤਿਖਾਰ ਠਾਕੁਰ ਦੇ ਪੁਰਾਣੇ ਬਿਆਨ ਕਾਰਣ ਵੀ ਪਾਕਿਸਤਾਨੀ ਕਲਾਕਾਰਾਂ ਵਾਲੀਆਂ ਫਿਲਮਾਂ ਉਤੇ ਬੈਨ ਲੱਗ ਰਹੇ ਹਨ। ਜਿਸ ਵਿੱਚ, ਉਸਨੇ ਕਿਹਾ ਸੀ ਕਿ ਜੇ ਤੁਸੀਂ ਹਵਾਈ ਰਸਤੇ ਆਓਗੇ, ਤਾਂ ਤੁਹਾਡੇ 'ਤੇ ਬੰਬ ਡਿੱਗਣਗੇ, ਜੇ ਤੁਸੀਂ ਸਮੁੰਦਰ ਰਸਤੇ ਆਓਗੇ, ਤਾਂ ਤੁਸੀਂ ਡੁੱਬ ਜਾਓਗੇ ਅਤੇ ਜੇ ਤੁਸੀਂ ਜ਼ਮੀਨ ਰਸਤੇ ਆਓਗੇ, ਤਾਂ ਤੁਹਾਨੂੰ ਦੱਬ ਦਿੱਤਾ ਜਾਵੇਗਾ।
ਪਹਿਲਗਾਮ ਹਮਲੇ ਤੋਂ ਪਹਿਲਾਂ ਦੀਆਂ ਫਿਲਮਾਂ ਸ਼ੂਟ ਕੀਤੀਆਂ ਗਈਆਂ ਸਨ
ਉਸ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਭਾਰਤ ਵਿਚ ਪੰਜਾਬੀ ਫਿਲਮਾਂ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾਂ ਸਫਲ ਨਹੀਂ ਹੋ ਸਕਦੀਆਂ। ਇਹ ਸਾਡੇ ਕਰ ਕੇ ਹੀ ਚੱਲਦੀਆਂ ਹਨ। ਇਹ ਵੀ ਦੱਸਣਯੋਗ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਵਿਵਾਦ ਕਾਰਣ ਇਹੋ ਜਿਹੀ ਸਥਿਤੀਆਂ ਬਣ ਗਈਆਂ ਪਰ ਇਹ ਫਿਲਮਾਂ ਹਮਲੇ ਤੋਂ ਪਹਿਲਾਂ ਹੀ ਸ਼ੂਟ ਕੀਤੀਆਂ ਜਾ ਚੁੱਕੀਆਂ ਸਨ।