ਲੋਕ ਸਭਾ ਚੋਣਾਂ 2024 ਦੇ ਨਤੀਜੇ ਭਲਕੇ ਯਾਨੀ 4 ਜੂਨ ਨੂੰ ਐਲਾਨ ਦਿੱਤੇ ਜਾਣਗੇ। ਮੰਗਲਵਾਰ ਨੂੰ ਸਵੇਰੇ 8 ਵਜੇ ਤੋਂ ਜਲੰਧਰ 'ਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ।
ਚੋਣਾਂ ਦਾ ਨਤੀਜਾ ਆਵੇਗਾ 17 ਤੋਂ 20 ਰਾਊਂਡ ਵਿੱਚ
ਜਲੰਧਰ ਵਿੱਚ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ, ਸਰਕਾਰੀ ਪਟਵਾਰ ਸਕੂਲ, ਲੈਂਡ ਰਿਕਾਰਡ ਦੇ ਡਾਇਰੈਕਟਰ ਦੇ ਦਫ਼ਤਰ ਅਤੇ ਸਰਕਾਰੀ ਸਪੋਰਟਸ ਸਕੂਲ ਦੇ ਹੋਸਟਲ ਵਿੱਚ ਗਿਣਤੀ ਕੇਂਦਰ ਬਣਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਚੋਣਾਂ ਦਾ ਨਤੀਜਾ 17 ਤੋਂ 20 ਰਾਊਂਡ ਵਿੱਚ ਆਵੇਗਾ।
ਸੁਰੱਖਿਆ ਦੇ ਕੜੇ ਇੰਤਜ਼ਾਮ
ਸੁਰੱਖਿਆ ਲਈ ਪੁਲਸ ਅਤੇ ਸੀਆਰਪੀਐਫ ਸਮੇਤ ਕਈ ਜਵਾਨ ਤਾਇਨਾਤ ਕੀਤੇ ਗਏ ਹਨ। ਕੇਂਦਰਾਂ ਵਿੱਚ ਸੀਸੀਟੀਵੀ, ਕੈਮਰਾ ਬੈਕਅਪ, ਨਿਰਵਿਘਨ ਬਿਜਲੀ ਸਪਲਾਈ, ਫਾਇਰ ਸੇਫਟੀ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਜਲੰਧਰ ਸੀਟ ਲਈ ਰੁਝਾਨ ਸਵੇਰੇ 9 ਵਜੇ ਤੋਂ ਆਉਣੇ ਸ਼ੁਰੂ ਹੋ ਜਾਣਗੇ। ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਕਮ ਡੀਸੀ ਡਾ: ਹਿਮਾਂਸ਼ੂ ਅਗਰਵਾਲ ਅਤੇ ਪੁਲਸ ਕਮਿਸ਼ਨਰ ਰਾਹੁਲ ਐੱਸ. ਦੀ ਨਿਗਰਾਨੀ ਹੇਠ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਡੀ ਸੀ ਅਗਰਵਾਲ ਨੇ ਕਿਹਾ ਕਿ ਪੰਜਾਬ ਪੁਲਸ, ਰਾਜ ਆਰਮਡ ਪੁਲਸ ਅਤੇ ਸੀਏਪੀਐਫ ਵੋਟਿੰਗ ਮਸ਼ੀਨਾਂ ਦੇ ਸਟਰਾਂਗ ਰੂਮ ਵਿੱਚ ਸੁਰੱਖਿਆ ਹੇਠ ਰੱਖਣਗੇ। ਚੋਣਾਂ ਅਤੇ ਗਿਣਤੀ ਪ੍ਰਕਿਰਿਆ ਦੌਰਾਨ ਕਿਸੇ ਨੂੰ ਵੀ ਵਿਘਨ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਜਲੰਧਰ 'ਚ ਹੋਈ ਕੁੱਲ 59.07% ਵੋਟਿੰਗ
ਦੱਸ ਦੇਈਏ ਕਿ ਸਾਲ 2023 'ਚ ਜਲੰਧਰ ਲੋਕ ਸਭਾ ਸੀਟ ਲਈ ਉਪ ਚੋਣ 'ਚ 54 ਫੀਸਦੀ ਵੋਟਿੰਗ ਹੋਈ ਸੀ। ਡਾ.ਅਗਰਵਾਲ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਵਿੱਚ 59.07 ਫੀਸਦੀ ਵੋਟਿੰਗ ਹੋਈ ਹੈ ਜੋ ਕਿ ਪਿਛਲੀਆਂ ਚੋਣਾਂ ਨਾਲੋਂ ਵੱਧ ਹੈ। ਡੀਸੀ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਲੋਕਾਂ ਨੇ ਚੋਣਾਂ ਸਬੰਧੀ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਅਤੇ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹੀਆਂ।
ਸਭ ਤੋਂ ਵੱਧ ਵੋਟਾਂ ਜਲੰਧਰ ਪੱਛਮੀ ਹਲਕੇ 'ਚ ਕਰੀਬ 64 ਫੀਸਦੀ ਵੋਟਾਂ ਪਈਆਂ। ਇਸ ਤੋਂ ਬਾਅਦ ਜਲੰਧਰ ਉੱਤਰੀ 'ਚ 62.10 ਫੀਸਦੀ, ਸ਼ਾਹਕੋਟ 'ਚ 58.79 ਫੀਸਦੀ, ਆਦਮਪੁਰ 'ਚ 58.50 ਫੀਸਦੀ, ਨਕੋਦਰ 'ਚ 58.40 ਫੀਸਦੀ, ਕਰਤਾਰਪੁਰ 'ਚ 57.98 ਫੀਸਦੀ, ਜਲੰਧਰ ਕੈਂਟ 'ਚ 57.95 ਫੀਸਦੀ, ਫਿਲੌਰ 'ਚ 57.80 ਫੀਸਦੀ ਅਤੇ ਜਲੰਧਰ ਸੈਂਟਰਲ 'ਚ 56.80 ਫੀਸਦੀ ਵੋਟਾਂ ਪਈਆਂ।