ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾਕਟਰ ਸੁਭਾਸ਼ ਥੋਬਾ 'ਤੇ ਅੰਮ੍ਰਿਤਸਰ 'ਚ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਹੈ। ਸ਼ਨੀਵਾਰ ਸ਼ਾਮ ਜਦੋਂ ਉਹ ਘਰ ਪਹੁੰਚੇ ਤਾਂ ਕੁਝ ਲੋਕਾਂ ਨੇ ਉਨ੍ਹਾਂ ਦੀ ਕਾਰ ਦੀ ਭੰਨਤੋੜ ਕੀਤੀ। ਭੰਨਤੋੜ ਕਰਨ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
15 ਤੋਂ 20 ਲੋਕਾਂ ਨੇ ਕੀਤਾ ਹਮਲਾ
ਡਾਕਟਰ ਸੁਭਾਸ਼ ਨੇ ਦੱਸਿਆ ਕਿ ਉਹ ਕਿਸੇ ਸਮਾਗਮ ਵਿੱਚ ਹਿੱਸਾ ਲੈ ਕੇ ਅੰਮ੍ਰਿਤਸਰ ਸਥਿਤ ਆਪਣੇ ਘਰ ਪਰਤ ਰਹੇ ਸਨ। ਜਿਵੇਂ ਹੀ ਉਹ ਘਰ ਦੇ ਅੰਦਰ ਗਏ ਤਾਂ ਪਿੱਛੇ ਤੋਂ 15-20 ਵਿਅਕਤੀ ਆਏ ਤੇ ਕਾਰ ਦੀ ਭੰਨਤੋੜ ਸ਼ੁਰੂ ਕਰ ਦਿੱਤੀ। ਜਾਂਦੇ ਸਮੇਂ ਹਮਲਾਵਰਾਂ ਨੇ ਕਾਰ ਦਾ ਪਿਛਲਾ ਸ਼ੀਸ਼ਾ ਵੀ ਤੋੜ ਦਿੱਤਾ।
ਫੋਨ ਕਰਕੇ ਦਿੱਤੀਆਂ ਧਮਕੀਆਂ
ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਹਾਲ ਹੀ ਵਿੱਚ ਇੱਕ ਧਮਕੀ ਭਰਿਆ ਕਾਲ ਆਇਆ ਸੀ। ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਘੱਟ ਗਿਣਤੀਆਂ ਲਈ ਕੰਮ ਕਰਵਾਉਣਾ ਬੰਦ ਕਰ ਦਿਓ, ਨਹੀਂ ਤਾਂ ਨਤੀਜਾ ਚੰਗਾ ਨਹੀਂ ਹੋਵੇਗਾ। ਇਸ ਸਾਰੀ ਘਟਨਾ ਦੀ ਸ਼ਿਕਾਇਤ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੂੰ ਦੇ ਦਿੱਤੀ ਗਈ ਹੈ।