ਬੀਤੀ ਦੇਰ ਰਾਤ ਜਲੰਧਰ ਦੇ ਗੁਰਾਇਆ 'ਚ ਕਾਂਗਰਸੀ ਆਗੂ ਮੱਖਣ ਸਿੰਘ ਮੱਲੀ ਦੇ ਘਰ 'ਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਘਰ ਦੇ ਬਾਹਰ ਖੜ੍ਹੀ ਕਾਰ ਦੀ ਵੀ ਭੰਨ-ਤੋੜ ਕੀਤੀ ਅਤੇ ਗੋਲੀਬਾਰੀ ਕਰ ਕੇ ਫ਼ਰਾਰ ਹੋ ਗਏ।
ਦੇਰ ਰਾਤ ਘਰ 'ਤੇ ਤਲਵਾਰਾਂ ਅਤੇ ਗੰਡਾਸਿਆਂ ਨਾਲ ਹਮਲਾ
ਮੱਖਣ ਮੱਲੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਉਹ ਆਪਣੇ ਘਰ ਸੁੱਤਾ ਪਿਆ ਸੀ। ਉਸ ਦਾ ਲੜਕਾ ਰਾਤ ਨੂੰ ਪਿੰਡ ਦੇ ਹੀ ਇਕ ਨੌਜਵਾਨ ਨਾਲ ਘਰ ਆਇਆ, ਜਿਵੇਂ ਹੀ ਉਹ ਘਰ ਦੇ ਬਾਹਰ ਪਹੁੰਚਿਆ ਤਾਂ ਇਕ ਕਾਰ ਅਤੇ 5-6 ਮੋਟਰਸਾਈਕਲਾਂ ਉਤੇ ਸਵਾਰ ਹੋ ਕੇ 15 ਤੋਂ 20 ਹਮਲਾਵਰ ਆਏ , ਜਿਨ੍ਹਾਂ ਨੇ ਤਲਵਾਰਾਂ, ਗੰਡਾਸੇ ਅਤੇ ਹੋਰ ਤੇਜ਼ਧਾਰ ਹਥਿਆਰ ਫੜੇ ਹੋਏ ਸਨ, ਸਾਡੇ ਘਰ ਦੇ ਬਾਹਰ ਆ ਗਏ।
ਘਰ ਦੇ ਬਾਹਰ ਖੜ੍ਹੀ ਕਾਰ ਦੀ ਕੀਤੀ ਭੰਨ-ਤੋੜ
ਉਨ੍ਹਾਂ ਅੱਗੇ ਦੱਸਿਆ ਕਿ ਹਮਲਾਵਰਾਂ ਨੇ ਘਰ 'ਤੇ ਹਮਲਾ ਕੀਤਾ ਅਤੇ ਘਰ ਦੇ ਬਾਹਰ ਖੜ੍ਹੀ ਸਫਾਰੀ ਦੀ ਵੀ ਭੰਨ-ਤੋੜ ਕੀਤੀ। ਇਸ ਦੌਰਾਨ ਸਾਰਾ ਪਰਿਵਾਰ ਜਾਗ ਪਿਆ। ਇਸ ਘਟਨਾ ਤੋਂ ਬਾਅਦ ਘਰ 'ਚ ਡਰ ਦਾ ਮਾਹੌਲ ਬਣ ਗਿਆ। ਮੌਕੇ ਤੋਂ ਹਮਲਾਵਰ ਫਰਾਰ ਹੋ ਗਏ।
ਪੁਲਸ ਕਰ ਰਹੀ ਮਾਮਲੇ ਦੀ ਜਾਂਚ
ਉਨ੍ਹਾਂ ਅੱਗੇ ਦੱਸਿਆ ਕਿ ਇਸ ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜਦੋਂ ਪੁਲਸ ਮੌਕੇ ’ਤੇ ਪੁੱਜੀ ਤਾਂ ਹਮਲਾਵਰ ਉਥੋਂ ਭੱਜ ਗਏ ਸਨ, ਜਿਨ੍ਹਾਂ ਵਿੱਚੋਂ ਕਈ ਜਾਣੇ ਪਛਾਣ ਵਿਚ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਗੁੰਡਾਗਰਦੀ ਦਾ ਕਾਰਨ ਕੀ ਹੈ।