ਮੱਧ ਪ੍ਰਦੇਸ਼ ਵਿੱਚ ਅੱਜ ਸਵੇਰੇ ਇੱਕ ਭਿਆਨਕ ਹਾਦਸੇ ਵਿੱਚ ਸੱਤ ਸ਼ਰਧਾਲੂਆਂ ਦੀ ਮੌਤ ਹੋ ਗਈ। ਜਦਕਿ 6 ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ ਅਤੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। 3 ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਗਵਾਲੀਅਰ ਰੈਫਰ ਕਰ ਦਿੱਤਾ ਗਿਆ ਹੈ। ਮਰਨ ਵਾਲਿਆਂ ਵਿੱਚ ਬੱਚੇ ਅਤੇ ਔਰਤਾਂ ਵੀ ਦੱਸੇ ਜਾ ਰਹੇ ਹਨ।
ਬਾਗੇਸ਼ਵਰ ਧਾਮ ਜਾ ਰਹੇ ਸਨ ਸ਼ਰਧਾਲੂ
ਪੁਲਿਸ ਅਨੁਸਾਰ ਸ਼ਰਧਾਲੂਆਂ ਨਾਲ ਭਰਿਆ ਆਟੋ ਯੂਪੀ ਤੋਂ ਬਾਗੇਸ਼ਵਰ ਧਾਮ ਜਾ ਰਿਹਾ ਸੀ। ਇਸ ਦੌਰਾਨ ਛਤਰਪੁਰ 'ਚ ਝਾਂਸੀ-ਖੁਜਰਾਹੋ ਨੈਸ਼ਨਲ ਹਾਈਵੇ 'ਤੇ ਆਟੋ ਦੀ ਟੱਕਰ ਇਕ ਖੜ੍ਹੇ ਟਰੱਕ ਨਾਲ ਹੋ ਗਈ। ਜਿਸ ਵਿੱਚ 7 ਦੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ।
ਯੂਪੀ ਦੇ ਰਹਿਣ ਵਾਲੇ ਹਨ ਮ੍ਰਿਤਕ
ਪੁਲਿਸ ਨੇ ਅੱਗੇ ਦੱਸਿਆ ਕਿ ਆਟੋ ਵਿੱਚ ਸਵਾਰ ਲੋਕ ਯੂਪੀ ਦੇ ਫਰੂਖਾਬਾਦ ਅਤੇ ਲਖਨਊ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਜੋ ਇੱਥੇ ਰੇਲ ਗੱਡੀ ਰਾਹੀਂ ਆਏ ਸਨ ਅਤੇ ਇਸ ਤੋਂ ਬਾਅਦ ਬਾਗੇਸ਼ਵਰ ਧਾਮ ਜਾ ਰਹੇ ਸਨ। ਆਟੋ ਚਾਲਕ ਰੇਲਵੇ ਸਟੇਸ਼ਨ ਤੋਂ ਸ਼ਰਧਾਲੂਆਂ ਨੂੰ ਬਾਗੇਸ਼ਵਰ ਧਾਮ ਲਿਜਾ ਰਿਹਾ ਸੀ।
ਸਮਰੱਥਾ ਤੋਂ ਵੱਧ ਲੋਕ ਬੈਠੇ ਸਨ ਆਟੋ 'ਚ
ਪੁਲਸ ਨੇ ਅੱਗੇ ਦੱਸਿਆ ਕਿ ਹਾਦਸੇ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ 2 ਦੀ ਇਲਾਜ ਦੌਰਾਨ ਹਸਪਤਾਲ 'ਚ ਮੌਤ ਹੋ ਗਈ। ਆਟੋ ਵਿੱਚ ਸਮਰੱਥਾ ਤੋਂ ਵੱਧ ਲੋਕ ਬੈਠੇ ਸਨ। ਹਾਦਸੇ ਵਿੱਚ ਆਟੋ ਚਾਲਕ ਦੀ ਵੀ ਮੌਤ ਹੋ ਗਈ ਹੈ।