ਲੁਧਿਆਣਾ ਦੇ ਚੰਡੀਗੜ੍ਹ ਰੋਡ 'ਤੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਜਿੱਥੇ ਪਹਿਲਾਂ ਕਾਰ ਨੇ ਇੱਕ ਆਟੋ ਰਿਕਸ਼ਾ ਨੂੰ ਟੱਕਰ ਮਾਰੀ ਅਤੇ ਫਿਰ ਇੱਕ ਸਕੂਲ ਬੱਸ ਨਾਲ ਟਕਰਾ ਗਈ। ਸਕੂਲ ਬੱਸ ਨਾਲ ਟਕਰਾਉਣ ਤੋਂ ਬਾਅਦ, ਕਾਰ ਪਲਟ ਗਈ ਜਦੋਂ ਕਿ ਸਕੂਲ ਬੱਸ ਦੇ ਵੀ ਪਰਖਚੇ ਉੱਡ ਗਏ। ਇਸ ਹਾਦਸੇ 'ਚ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਕਾਰ ਨੇ ਗੱਡੀਆਂ ਨੂੰ ਮਾਰੀ ਟੱਕਰ
ਮੌਕੇ 'ਤੇ ਮੌਜੂਦ ਮੰਗੀ ਨੇ ਕਿਹਾ ਕਿ ਡਿਵਾਈਡਰ ਪਾਰ ਕਰਦੇ ਸਮੇਂ ਕਾਰ ਨੇ ਪਹਿਲਾਂ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਸਿੱਧੀ ਜਾ ਕੇ ਬੱਸ ਨਾਲ ਟਕਰਾ ਗਈ। ਆਹਮੋ-ਸਾਹਮਣੇ ਟੱਕਰ ਤੋਂ ਬਾਅਦ, ਕਾਰ ਚਾਲਕ, ਔਰਤ ਅਤੇ ਬੱਸ ਵਿੱਚ ਸਵਾਰ ਸੁਰੱਖਿਆ ਗਾਰਡ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਕਾਰ 'ਚੋਂ ਮਿਲੀਆਂ ਸ਼ਰਾਬ ਦੀਆਂ ਬੋਤਲਾਂ
ਜਦੋਂ ਕਿ ਇੱਕ ਹੋਰ ਵਿਅਕਤੀ ਨੇ ਕਿਹਾ ਕਿ ਕਾਰ ਆਮ ਰਫ਼ਤਾਰ ਨਾਲ ਚੱਲ ਰਹੀ ਸੀ ਅਤੇ ਡਰਾਈਵਰ ਨੇ ਸਿੱਧੀ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਵਿੱਚੋਂ ਕੁਝ ਬੋਤਲਾਂ ਵੀ ਮਿਲੀਆਂ ਹਨ, ਇਸ ਲਈ ਸ਼ੱਕ ਹੈ ਕਿ ਡਰਾਈਵਰ ਸ਼ਰਾਬੀ ਸੀ। ਹਾਦਸੇ ਵਿੱਚ ਕੁੜੀ ਦੀ ਲੱਤ ਟੁੱਟ ਗਈ ਅਤੇ ਸੁਰੱਖਿਆ ਗਾਰਡ ਦਾ ਚੂਲਾ ਟੁੱਟ ਗਿਆ। ਕਾਰ ਚਾਲਕ ਵੀ ਜ਼ਖਮੀ ਹੋ ਗਿਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।