ਜਲੰਧਰ/ਵੰਦੇ ਭਾਰਤ ਐਕਸਪ੍ਰੈਸ ਨੂੰ ਜਲੰਧਰ ਕੈਂਟ ਸਟੇਸ਼ਨ 'ਤੇ ਸਟਾਪੇਜ ਮਿਲਣ ਤੋਂ ਬਾਅਦ ਸ਼ਹਿਰ ਵਾਸੀਆਂ 'ਚ ਭਾਰੀ ਉਤਸ਼ਾਹ ਹੈ। ਸ਼ਨੀਵਾਰ ਸਵੇਰੇ ਭਾਜਪਾ ਤੇ 'ਆਪ' ਨੇਤਾ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦੇਣ ਲਈ ਕੈਂਟ ਸਟੇਸ਼ਨ ਪਹੁੰਚੇ, ਜਿੱਥੇ ਭਾਜਪਾ ਆਗੂਆਂ ਵੱਲੋਂ ਸਟੇਜ ਤਿਆਰ ਕੀਤੀ ਗਈ, ਉੱਥੇ ‘ਆਪ’ ਆਗੂ ਵੀ ਵੱਡੀ ਗਿਣਤੀ ਵਿੱਚ ਮੌਕੇ ’ਤੇ ਮੌਜੂਦ ਸਨ।
ਰੰਗਾਰੰਗ ਪ੍ਰੋਗਰਾਮ ਕਰਵਾਇਆ
ਟਰੇਨ ਅੰਮ੍ਰਿਤਸਰ ਤੋਂ 12.15 ਵਜੇ ਰਵਾਨਾ ਹੋਈ, ਜਿਸ ਦੇ 1.30 ਮਿੰਟ ਵਿੱਚ ਜਲੰਧਰ ਪਹੁੰਚਣ ਦੀ ਸੰਭਾਵਨਾ ਹੈ। ਵੰਦੇ ਭਾਰਤ ਦੇ ਸਵਾਗਤ ਲਈ ਰੇਲਵੇ ਵੱਲੋਂ ਪਲੇਟਫਾਰਮ ਨੰਬਰ ਦੋ 'ਤੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿੱਥੇ ਯਾਤਰੀਆਂ ਨੂੰ ਰੇਲਵੇ ਦੀਆਂ ਬੇਮਿਸਾਲ ਪ੍ਰਾਪਤੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਸਕੂਲੀ ਬੱਚਿਆਂ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ।
ਭਾਜਪਾ ਤੇ 'ਆਪ' ਆਗੂ ਹਾਜ਼ਰ ਸਨ
ਭਾਜਪਾ ਦੇ ਸੁਸ਼ੀਲ ਸ਼ਰਮਾ ਜੋ ਕਿ ਤੀਜੀ ਵਾਰ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬਣੇ, ਉਨ੍ਹਾਂ ਨਾਲ ਸਾਬਕਾ ਵਿਧਾਇਕ ਰਾਕੇਸ਼ ਰਾਠੌਰ, ਰਾਜੇਸ਼ ਬਾਘਾ, ਸਰਬਜੀਤ ਸਿੰਘ ਮੱਕੜ, ਭੁਪਿੰਦਰ ਕੁਮਾਰ ਅਤੇ ਹੋਰ ਭਾਜਪਾ ਆਗੂ ਮੌਕੇ ’ਤੇ ਮੌਜੂਦ ਸਨ।
ਇਸ ਮੌਕੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ, ਸੰਸਦ ਮੈਂਬਰ ਸੁਸ਼ੀਲ ਰਿੰਕੂ ਤੇ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਕੌਂਸਲਰ ਸੁਨੀਤਾ ਰਿੰਕੂ, ਰਾਜਦੀਪ ਸਿੰਘ ਬਸਰਾ, ਦੀਪਕ ਸ਼ਾਰਦਾ, ਮਨੂ ਛਾਬੜਾ, ਅਮਿਤ ਢੱਲ ਆਦਿ ਹਾਜ਼ਰ ਸਨ।