ਬਟਾਲਾ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਤਿੰਨ ਮੌਤਾਂ ਹੋ ਗਈਆਂ। ਹਾਦਸਾ ਕਾਹਨੂੰਵਾਨ ਰੋਡ ਨੇੜੇ ਪਿੰਡ ਸੇਖਵਾਂ ਵਿਖੇ ਦੇਰ ਰਾਤ ਵਾਪਰਿਆ। ਜਾਣਕਾਰੀ ਅਨੁਸਾਰ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਦੀ ਦੋ ਕਾਰਾਂ ਨਾਲ ਭਿਆਨਕ ਟੱਕਰ ਹੋ ਗਈ ਤੇ ਦੋਵੇਂ ਕਾਰਾਂ ਪਲਟ ਗਈਆਂ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਤਿੰਨ ਵਿਅਕਤੀਆਂ ਦੀ ਮੌਤ
ਦਰਦਨਾਕ ਹਾਦਸੇ ਵਿਚ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ 6 ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਵਿਅਕਤੀਆਂ ਵਿੱਚ ਦੋ ਸਕੇ ਸਾਂਢੂ ਸਨ ਤੇ ਦੋਵੇਂ ਐਨਆਰਆਈ ਸਨ ।
ਹਾਦਸੇ ਵਿਚ ਮਰਨ ਵਾਲਿਆਂ ਦੀ ਪਛਾਣ
ਡੀ.ਐਸ.ਪੀ. ਹਰੀ ਕ੍ਰਿਸ਼ਨ ਨੇ ਦੱਸਿਆ ਕਿ ਪਿੰਡ ਸੇਖਵਾਂ ਨੇੜੇ ਇਕ ਟਰਾਲੀ ਡੈਪ ਉੱਪਰ ਚੜ ਰਹੀ ਸੀ ਕਿ ਬਟਾਲਾ ਵਲੋਂ ਇਕ ਕਾਰ ਆਈ, ਜੋ ਟਰਾਲੀ ਨਾਲ ਟਕਰਾਉਣ ਉਪਰੰਤ ਕਾਦੀਆਂ ਵਲੋਂ ਆ ਰਹੀ ਇਕ ਹੋਰ ਕਾਰ ਨਾਲ ਜਾ ਟਕਰਾਈ, ਜਿਸ ਕਾਰਨ ਇਸ ਹਾਦਸੇ ਵਿਚ ਤਿੰਨ ਵਿਅਕਤੀ ਸੁਰਜੀਤ ਸਿੰਘ ਪਿੰਡ ਪੰਜਗਰਾਈਆਂ ਤੇ ਰਜੇਸ਼ ਵਾਸੀ ਮਿਸ਼ਰਪੁਰਾ (ਦੋਵੇਂ ਸਾਂਢੂ) ਅਤੇ ਕਰਨ ਕੁਮਾਰ ਪਿੰਡ ਗੋਤ ਦੀ ਮੌਤ ਹੋ ਗਈ ਜਦਕਿ ਛੇ ਵਿਅਕਤੀ ਸਾਵਣ ਕੁਮਾਰ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਸੁਰੇਸ਼ ਕੁਮਾਰ, ਰਮੇਸ਼ ਕੁਮਾਰ ਅਤੇ ਸਰਵਣ ਲਾਲ ਜ਼ਖਮੀ ਹੋ ਗਏ। ਜ਼ਿਕਰਯੋਗ ਹੈ ਕਿ ਮ੍ਰਿਤਕ ਸੁਰਜੀਤ ਸਿੰਘ 17 ਸਾਲ ਬਾਅਦ ਅਮਰੀਕਾ ਤੋਂ ਪੰਜਾਬ ਆਇਆ ਸੀ ਅਤੇ ਅੱਜ ਉਸ ਨੇ ਵਾਪਸ ਅਮਰੀਕਾ ਜਾਣਾ ਸੀ।