ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬਟਾਲਾ ਦੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ 10 ਸਤੰਬਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਅੱਜ ਸਵੇਰੇ 5 ਵਜੇ ਗੁਰੂ ਨਾਨਕ ਦੇਵ ਜੀ ਦੀ ਬਰਾਤ ਰੂਪੀ ਨਗਰ ਕੀਰਤਨ 9 ਸਤੰਬਰ ਨੂੰ ਸੁਲਤਾਨਪੁਰ ਲੋਧੀ ਤੋਂ ਬਟਾਲਾ ਲਈ ਰਵਾਨਾ ਹੋਇਆ। ਇਹ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਜਾਵੇਗਾ। ਉਧਰ ਸਥਾਨਕ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਤੋਂ ਸੰਗਤਾਂ ਦਾ ਵੱਡਾ ਜਥਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਲਈ ਗਿਆ। ਦੱਸ ਦੇਈਏ ਕਿ ਗੁਰੂ ਨਾਨਕ ਦੇਵ ਜੀ ਤੇ ਮਾਤਾ ਸੁਲੱਖਣੀ ਜੀ ਦਾ 537ਵਾਂ ਵਿਆਹ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
ਬਰਾਤ ਰੂਪੀ ਨਗਰ ਕੀਰਤਨ ਦਾ ਕੀਤਾ ਜਾਵੇਗਾ ਭਰਵਾਂ ਸਵਾਗਤ
ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਦੇ ਮੈਨੇਜਰ ਸੁਖਜਿੰਦਰ ਸਿੰਘ ਭਾਮ ਅਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਮੈਨੇਜਰ ਮਨਜੀਤ ਸਿੰਘ ਜ਼ਫਰਵਾਲ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ 9 ਸਤੰਬਰ ਨੂੰ ਸਵੇਰੇ 5 ਵਜੇ ਨਗਰ ਕੀਰਤਨ ਆਰੰਭ ਹੋ ਕੇ ਰਾਤ ਨੂੰ ਬਟਾਲਾ ਪਹੁੰਚੇਗਾ।
ਬਰਾਤ ਰੂਪੀ ਨਗਰ ਕੀਰਤਨ ਦਾ ਬਟਾਲਾ ਪਹੁੰਚਣ ’ਤੇ ਵੱਖ ਵੱਖ ਧਾਰਮਿਕ, ਸਮਾਜ ਸੇਵੀ, ਰਾਜਸੀ ਆਗੂਆਂ ਅਤੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ।
ਪ੍ਰਸ਼ਾਸਨ ਨੇ ਸੁਰੱਖਿਆ ਦੇ ਕੀਤੇ ਸਖਤ ਪ੍ਰਬੰਧ
ਬਟਾਲਾ ਵਿਚ ਵਿਆਹ ਪੁਰਬ ਸਮਾਗਮਾਂ ਨੂੰ ਮੁੱਖ ਰੱਖਦਿਆਂ ਸ਼ਹਿਰ ਅਤੇ ਨਗਰ ਕੀਰਤਨ ਰੂਟਾਂ ’ਤੇ 100 ਸੀਸੀਟੀਵੀ ਕੈਮਰੇ ਲਗਾਏ ਗਏ ਹਨ ਜੋ 24 ਘੰਟੇ ਸਮਾਜ ਵਿਰੋਧੀ ਅਨਸਰਾਂ ਤੇ ਹੁੱਲੜਬਾਜ਼ੀ ਕਰਨ ਵਾਲਿਆਂ ’ਤੇ ਨਜ਼ਰ ਰੱਖਣਗੇ। ਡੀਐੱਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਐੱਸਐੱਸਪੀ ਬਟਾਲਾ ਸੁਹੇਲ ਕਾਸਿਮ ਮੀਰ ਦੇ ਨਿਰਦੇਸ਼ਾਂ ਹੇਠ ਬਟਾਲਾ ਸ਼ਹਿਰ ਦੇ ਵੱਖ ਵੱਖ ਸਥਾਨਾਂ ’ਤੇ ਕੈਮਰੇ ਲਗਾਏ ਗਏ ਹਨ। ਇਨ੍ਹਾਂ ਕੈਮਰਿਆਂ ਲਈ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿੱਥੇ ਨਿਗਰਾਨੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜੋ ਹਰ ਸ਼ੱਕੀ ਅਨਸਰ ’ਤੇ ਨਜ਼ਰ ਰੱਖਣਗੀਆਂ। ਉਨ੍ਹਾਂ ਦੱਸਿਆ ਕਿ ਜੇ ਕੋਈ ਸ਼ਰਾਰਤੀ ਅਨਸਰ ਗਲਤ ਹਰਕਤ ਕਰਦਾ ਹੈ ਤਾਂ ਜਾਂਚ ਟੀਮਾਂ ਤੁਰੰਤ ਹੈਲਪ ਡੈਸਕ ਅਤੇ ਪੁਲਸ ਸਹਾਇਤਾ ਕੇਂਦਰ ਨੂੰ ਸੂਚਿਤ ਕਰਨਗੀਆਂ।
ਗੁਰੂ ਨਾਨਕ ਦੇਵ ਜੀ ਦੇ ਵਿਆਹ ਦਾ ਇਤਿਹਾਸ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲਾ ਦੇ ਖੱਤਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਜਿਥੇ ਅੱਜ–ਕੱਲ੍ਹ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹੈ। ਇਥੇ ਹੀ ਉਹ ਇਤਿਹਾਸਕ ਕੰਧ ਹੈ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਦੋਂ ਸ਼ਹਿਰ ਬਟਾਲਾ ਵਿਚ ਬਰਾਤ ਢੁਕੀ ਤਾਂ ਮਖੌਲ ਕਰਦਿਆਂ ਕੁਝ ਲੜਕੀਆਂ ਨੇ ਗੁਰੂ ਸਾਹਿਬ ਨੂੰ ਕੰਧ ਕੋਲ ਬਿਠਾ ਦਿੱਤਾ। ਇਕ ਬਜ਼ੁਰਗ ਔਰਤ ਨੇ ਕਿਹਾ ਕਿ ਗੁਰੂ ਜੀ ਇੱਥੋਂ ਉੱਠ ਜਾਓ ਕੰਧ ਡਿੱਗਣ ਵਾਲੀ ਹੈ ਤਾਂ ਗੁਰੂ ਜੀ ਨੇ ਫਰਮਾਇਆ ਕਿ ਮਾਤਾ ਜੀ ਤੁਸੀਂ ਫ਼ਿਕਰ ਨਾ ਕਰੋ ਇਹ ਕੰਧ ਯੁੱਗਾਂ ਯੁੱਗਾਂ ਤੱਕ ਕਾਇਮ ਰਹੇਗੀ। ਇਸੇ ਦਿਨ ਨੂੰ ਸਦੀਵੀਂ ਯਾਦ ਰੱਖਣ ਲਈ ਸੰਗਤਾਂ ਹਰ ਸਾਲ ਜੁੜਦੀਆਂ ਹਨ ਤੇ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਬਰਾਤ ਬਟਾਲੇ ਪਹੁੰਚਦੀ ਹੈ, ਜਿਸ ਵਿਚ ਦੇਸ਼–ਵਿਦੇਸ਼ ਦੀਆਂ ਸੰਗਤਾਂ ਸ਼ਿਰਕਤ ਕਰਦੀਆਂ ਹਨ ਅਤੇ ਗੁਰਦੁਆਰਾ ਸੁਲਤਾਨਪੁਰ ਲੋਧੀ ਤੋਂ ਲੈ ਕੇ ਬਟਾਲਾ ਅਤੇ ਆਸ–ਪਾਸ ਦੇ ਇਲਾਕਿਆਂ ਵਿਚ ਲੰਗਰ ਦਾ ਪ੍ਰਬੰਧ ਵਿਸ਼ੇਸ਼ ਰੂਪ ਵਿਚ ਕੀਤਾ ਜਾਂਦਾ ਹੈ।