ਦੇਰ ਰਾਤ ਜਲੰਧਰ ਦੇ ਪਟੇਲ ਚੌਕ ਨੇੜੇ ਭਾਰੀ ਹੰਗਾਮਾ ਹੋ ਗਿਆ। ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ਹਿਰ ਵਿੱਚ ਉਨ੍ਹਾਂ ਦੇ ਪੋਸਟਰ ਲਗਾਏ ਜਾ ਰਹੇ ਸਨ, ਜਿਸ ਤੋਂ ਬਾਅਦ ਭਾਜਪਾ ਵਰਕਰ ਮੌਕੇ 'ਤੇ ਪਹੁੰਚ ਗਏ।
ਦੱਸ ਦਈਏ ਕਿ ਸ਼ੁੱਕਰਵਾਰ ਨੂੰ ਭਾਜਪਾ ਵੱਲੋਂ ਸੰਸਦ ਮੈਂਬਰ ਅਤੇ ਵਿਧਾਇਕ ਦੇ ਸਵਾਗਤ ਲਈ ਰੋਡ ਸ਼ੋਅ ਕੀਤਾ ਜਾਣਾ ਹੈ ਪਰ ਇਸ ਤੋਂ ਪਹਿਲਾਂ ਦੇਰ ਰਾਤ ਦੋਵਾਂ ਨੇਤਾਵਾਂ ਦੀਆਂ ਫੋਟੋਆਂ 'ਤੇ 'ਗੱਦਾਰ' ਲਿਖੇ ਪੋਸਟਰ ਲਗਾਏ ਜਾ ਰਹੇ ਸਨ। ਇਸ ਬਾਰੇ ਸੂਚਨਾ ਮਿਲਦੇ ਹੀ ਭਾਜਪਾ ਵਰਕਰ ਮੌਕੇ 'ਤੇ ਪਹੁੰਚ ਗਏ ਅਤੇ ਚੋਣ ਕਮਿਸ਼ਨ ਦੀਆਂ ਗਸ਼ਤ ਵਾਲੀਆਂ ਗੱਡੀਆਂ ਅਤੇ ਪੁਲਸ ਨੂੰ ਸੂਚਿਤ ਕੀਤਾ।
ਭਾਜਪਾ ਵਰਕਰ ਅਸ਼ੋਕ ਸਰੀਨ ਹਿੱਕੀ ਨੇ ਦੋਸ਼ ਲਾਇਆ ਕਿ ਦੋਵਾਂ ਆਗੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਕਮਜ਼ੋਰ ਹੋ ਗਈ ਹੈ, ਜਿਸ ਕਾਰਨ ਹੁਣ ਉਹ ਅਜਿਹੀਆਂ ਹਰਕਤਾਂ ਕਰ ਰਹੀ ਹੈ। ਹਿੱਕੀ ਨੇ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪੁਰਾਣੀ ਸਬਜ਼ੀ ਮੰਡੀ ਚੌਕ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਅਜਿਹੇ ਪੋਸਟਰ ਲਗਾ ਰਹੇ ਹਨ, ਇਸ ਲਈ ਉਸ ਨੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ।
ਵਰਕਸ਼ਾਪ ਚੌਕ ਤੋਂ ਅੰਬੇਡਕਰ ਚੌਕ ਤੱਕ ਰੋਡ ਸ਼ੋਅ ਕੱਢਿਆ ਜਾਵੇਗਾ
ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਅਤੇ ਪੱਛਮੀ ਵਿਧਾਨ ਸਭਾ ਜਲੰਧਰ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਅੱਜ ਸ਼ਾਮ 4 ਵਜੇ ਜਲੰਧਰ ਦੇ ਵਰਕਸ਼ਾਪ ਚੌਕ ਤੋਂ ਰੋਡ ਸ਼ੋਅ ਕੱਢਿਆ ਜਾਵੇਗਾ। ਇਹ ਰੋਡ ਸ਼ੋਅ ਵਰਕਸ਼ਾਪ ਚੌਕ, ਪਟੇਲ ਚੌਕ, ਬਸਤੀ ਅੱਡਾ, ਭਗਵਾਨ ਵਾਲਮੀਕੀ ਚੌਕ ਤੋਂ ਹੁੰਦਾ ਹੋਇਆ ਅੰਬੇਡਕਰ ਚੌਕ ਤੱਕ ਕੱਢਿਆ ਜਾਵੇਗਾ।