ਭਜਨ ਗਾਇਕ ਕਨ੍ਹਈਆ ਮਿੱਤਲ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਫੈਸਲੇ ਤੋਂ ਯੂ-ਟਰਨ ਲੈ ਲਿਆ ਹੈ। ਦੱਸ ਦੇਈਏ ਕਿ ਉਨ੍ਹਾਂ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਮਿੱਤਲ ਨੇ ਇਹ ਫੈਸਲਾ ਆਪਣੇ ਪ੍ਰਸ਼ੰਸਕਾਂ ਦੀ ਆਲੋਚਨਾ ਤੋਂ ਬਾਅਦ ਲਿਆ।
ਸੋਸ਼ਲ ਮੀਡੀਆ 'ਤੇ ਵੀਡੀਓ ਕੀਤੀ ਸਾਂਝੀ
ਇਸ ਬਾਰੇ ਮਿੱਤਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ ਅਤੇ ਕਿਹਾ ਹੈ ਕਿ ਉਹ ਸਨਾਤਨੀ ਲੋਕਾਂ ਦੀ ਗੱਲ ਸੁਣਨਗੇ ਅਤੇ ਸਨਾਤਨੀ ਲੋਕਾਂ ਨੂੰ ਚੁਣਨਗੇ।
ਦੱਸ ਦੇਈਏ ਕਿ ਕਨ੍ਹਈਆ ਮਿੱਤਲ ਹਰਿਆਣਾ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੰਚਕੂਲਾ ਸੀਟ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜਨਾ ਚਾਹੁੰਦੇ ਸਨ। ਟਿਕਟ ਨਾ ਮਿਲਣ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਉਹ ਕਾਂਗਰਸ 'ਚ ਸ਼ਾਮਲ ਹੋਣ ਜਾ ਰਹੇ ਹਨ ਪਰ ਤਰੀਕ ਅਤੇ ਸਮਾਂ ਅਜੇ ਤੈਅ ਨਹੀਂ ਹੋਇਆ।
ਨਹੀਂ ਚਾਹੁੰਦਾ ਕਿ ਕਿਸੇ ਦਾ ਭਰੋਸਾ ਟੁੱਟੇ
ਹੁਣ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਕਨ੍ਹਈਆ ਮਿੱਤਲ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਮੈਂ ਦੇਖ ਰਿਹਾ ਹਾਂ ਕਿ ਤੁਸੀਂ ਸਾਰੇ ਚਿੰਤਤ ਹੋ। ਮੈਂ ਇਸ ਲਈ ਮੁਆਫ਼ੀ ਮੰਗਦਾ ਹਾਂ ਅਤੇ ਜੋ ਮੈਂ ਕਿਹਾ ਸੀ ਕਿ ਉਹ ਵਾਪਸ ਲੈਂਦਾ ਹਾਂ ਕਿ ਮੈਂ ਕਾਂਗਰਸ ਵਿੱਚ ਸ਼ਾਮਲ ਹੋਣ ਜਾ ਰਿਹਾ ਹਾਂ ਕਿਉਂਕਿ ਮੈਂ ਕਿਸੇ ਸਨਾਤਨੀ ਦਾ ਭਰੋਸਾ ਨਹੀਂ ਤੋੜਨਾ ਚਾਹੁੰਦਾ। ਜੇ ਅੱਜ ਮੈਂ ਟੁੱਟਿਆ ਤਾਂ ਪਤਾ ਨਹੀਂ ਕਿੰਨੇ ਹੋਰ ਟੁੱਟ ਜਾਣਗੇ। ਅਸੀਂ ਸਾਰੇ ਇਕੱਠੇ ਰਾਮ ਦੇ ਸੀ, ਰਾਮ ਦੇ ਹਾਂ ਅਤੇ ਹਮੇਸ਼ਾ ਰਾਮ ਦੇ ਰਹਾਂਗੇ।
ਭਾਜਪਾ ਦੇ ਪ੍ਰੋਗਰਾਮ 'ਚ ਗਾਇਆ ਸੀ 'ਜੋ ਰਾਮ ਕੋ ਲਾਏਂ ਹੈ ਹਮ ਉਨਕੋਂ ਲਾਏਂਗੇ'
ਕਨ੍ਹਈਆ ਮਿੱਤਲ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 'ਚ 'ਜੋ ਰਾਮ ਕੋ ਲਾਏ ਹੈਂ, ਹਮ ਉਨਕੋ ਲਾਏਂਗੇ' ਗਾਇਆ ਸੀ। ਇਹ ਗੀਤ ਬਹੁਤ ਮਸ਼ਹੂਰ ਹੋਇਆ। ਮਿੱਤਲ ਨੂੰ ਅਕਸਰ ਭਾਜਪਾ ਦੇ ਪ੍ਰੋਗਰਾਮਾਂ 'ਚ ਦੇਖਿਆ ਜਾਂਦਾ ਸੀ।
ਹਰਿਆਣਾ ਵਿੱਚ 5 ਅਕਤੂਬਰ ਨੂੰ ਚੋਣਾਂ ਹੋਣੀਆਂ ਹਨ
ਹਰਿਆਣਾ ਦੀਆਂ ਸਾਰੀਆਂ 90 ਸੀਟਾਂ ਲਈ ਇੱਕੋ ਪੜਾਅ ਵਿੱਚ ਵੋਟਿੰਗ ਹੋਵੇਗੀ। ਪਹਿਲਾਂ ਇੱਥੇ 1 ਅਕਤੂਬਰ ਨੂੰ ਵੋਟਾਂ ਪੈਣੀਆਂ ਸਨ ਪਰ ਬਾਅਦ ਵਿੱਚ ਵੋਟਾਂ ਦੀ ਤਰੀਕ ਬਦਲ ਕੇ 5 ਅਕਤੂਬਰ ਕਰ ਦਿੱਤੀ ਗਈ ਜਦਕਿ ਗਿਣਤੀ ਦੀ ਮਿਤੀ 8 ਅਕਤੂਬਰ ਕਰ ਦਿੱਤੀ ਗਈ। ਹਰਿਆਣਾ ਵਿਧਾਨ ਸਭਾ ਦਾ ਕਾਰਜਕਾਲ 3 ਨਵੰਬਰ 2024 ਨੂੰ ਖਤਮ ਹੋਣ ਜਾ ਰਿਹਾ ਹੈ।