ਚੰਡੀਗੜ੍ਹ ਵਿੱਚ ਮੇਅਰ ਚੋਣਾਂ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਗਠਜੋੜ ਕਰ ਲਿਆ ਹੈ। ਕਾਂਗਰਸ ਨੇਤਾ ਪਵਨ ਬਾਂਸਲ ਨੇ ਇਸ ਗਠਜੋੜ ਦਾ ਐਲਾਨ ਕੀਤਾ ਹੈ।ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਇਹ ਗਠਜੋੜ ਕੁਝ ਸ਼ਰਤਾਂ 'ਤੇ ਕੀਤਾ ਗਿਆ ਹੈ।
'ਆਪ' ਦਾ ਹੋਵੇਗਾ ਮੇਅਰ
ਕਾਂਗਰਸ ਅਤੇ 'ਆਪ' ਦੇ ਗਠਜੋੜ 'ਚ ਜੇਕਰ ਮੇਅਰ ਦੀ ਚੋਣ ਦੇ ਨਤੀਜੇ ਦੋਵੇਂ ਪਾਰਟੀਆਂ ਦੇ ਹੱਕ 'ਚ ਆਉਂਦੇ ਹਨ ਤਾਂ ਆਮ ਆਦਮੀ ਪਾਰਟੀ ਦੇ ਕੌਂਸਲਰ ਨੂੰ ਚੰਡੀਗੜ੍ਹ ਦਾ ਮੇਅਰ ਬਣਾਇਆ ਜਾਵੇਗਾ। ਜਦੋਂਕਿ ਕਾਂਗਰਸੀ ਆਗੂ ਨੂੰ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਦਾ ਅਹੁਦਾ ਦਿੱਤਾ ਜਾਵੇਗਾ।
ਜਾਣੋ ਚੰਡੀਗੜ੍ਹ ਮੇਅਰ ਚੋਣ ਦਾ ਸਮੀਕਰਨ
ਚੰਡੀਗੜ੍ਹ ਨਗਰ ਨਿਗਮ ਵਿੱਚ ਕੁੱਲ 35 ਕੌਂਸਲਰ ਹਨ। ਇਨ੍ਹਾਂ 35 ਵੋਟਾਂ ਤੋਂ ਇਲਾਵਾ ਮੇਅਰ ਦੀ ਚੋਣ ਵਿਚ ਸੰਸਦ ਮੈਂਬਰ ਦੀ ਵੋਟ ਵੀ ਜਾਇਜ਼ ਹੈ। ਭਾਜਪਾ ਦੇ 14, ‘ਆਪ’ ਦੇ 13, ਕਾਂਗਰਸ ਦੇ 7 ਅਤੇ ਅਕਾਲੀ ਦਲ ਦਾ ਇੱਕ ਕੌਂਸਲਰ ਹੈ।
ਮੇਅਰ ਚੋਣ ਦੇ ਦ੍ਰਿਸ਼ਟੀਕੋਣ ਤੋਂ ਭਾਜਪਾ ਕੋਲ ਬਹੁਮਤ ਹੈ ਕਿਉਂਕਿ 14 ਕੌਂਸਲਰਾਂ ਤੋਂ ਇਲਾਵਾ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਦੀਆਂ ਵੋਟਾਂ ਵੀ ਉਨ੍ਹਾਂ ਕੋਲ ਹਨ। ਇਸ ਤੋਂ ਪਹਿਲਾਂ ਭਾਜਪਾ ਦੀ ਸਰਬਜੀਤ ਕੌਰ ਅਤੇ ਅਨੂਪ ਗੁਪਤਾ ਇਕ-ਇਕ ਸਾਲ ਲਈ ਦੋ ਵਾਰ ਮੇਅਰ ਬਣ ਚੁੱਕੇ ਹਨ।