ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਾਰੇ ਬਲਾਕ ਅਤੇ ਸਰਕਲ ਇੰਚਾਰਜਾਂ ਦੇ ਅਹੁੱਦੇ ਭੰਗ ਕਰ ਦਿੱਤੇ ਹਨ। ਇਸ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਇਹ ਪੂਰੀ ਜਾਣਕਾਰੀ ਦਿੱਤੀ ਗਈ ਹੈ। ਇਹ ਹੁਕਮ ਸੂਬਾ ਕਾਰਜਕਾਰੀ ਮੁੱਖੀ ਬੁੱਧਰਾਮ ਨੇ ਜਾਰੀ ਕੀਤਾ ਹੈ।
ਤੁਰੰਤ ਪ੍ਰਭਾਵ ਨਾਲ ਖਤਮ ਕੀਤੀਆਂ ਅਸਾਮੀਆਂ
ਪੱਤਰ ਵਿੱਚ ਲਿਖਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਰਾਜ ਦੇ ਸਾਰੇ ਬਲਾਕ ਅਤੇ ਸਰਕਲ ਇੰਚਾਰਜਾਂ ਦੀਆਂ ਅਸਾਮੀਆਂ ਤੁਰੰਤ ਪ੍ਰਭਾਵ ਨਾਲ ਭੰਗ ਕਰ ਰਹੀ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਜਲਦੀ ਹੀ ਨਵੇਂ ਅਧਿਕਾਰੀ ਨਿਯੁਕਤ ਕੀਤੇ ਜਾਣਗੇ। ਅਸੀਂ ਸਾਰੇ ਬਲਾਕ ਅਤੇ ਸਰਕਲ ਅਧਿਕਾਰੀਆਂ ਦਾ ਹੁਣ ਤੱਕ ਕੀਤੇ ਕੰਮ ਲਈ ਧੰਨਵਾਦ ਕਰਦੇ ਹਾਂ।
ਚੋਣਾਂ ਤੋਂ ਪਹਿਲਾਂ ਬਣਾਈ ਜਾਵੇਗੀ ਕਾਰਜਕਾਰਨੀ ਕਮੇਟੀ
ਲੋਕ ਸਭਾ ਚੋਣਾਂ ਅਤੇ ਨਿਗਮ ਚੋਣਾਂ ਤੋਂ ਪਹਿਲਾਂ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਜਾਵੇਗੀ ਤਾਂ ਜੋ ਪਾਰਟੀ ਵਿੱਚ ਨਵੀਂ ਊਰਜਾ ਲਿਆਂਦੀ ਜਾ ਸਕੇ। ਆਮ ਆਦਮੀ ਪਾਰਟੀ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਨੇ ਕਿਹਾ ਕਿ ‘ਆਪ’ ਹੀ ਇੱਕ ਅਜਿਹੀ ਪਾਰਟੀ ਹੈ ਜੋ ਸਾਰੇ ਵਰਕਰਾਂ ਨੂੰ ਅਹਿਮ ਅਹੁਦਿਆਂ ’ਤੇ ਕੰਮ ਕਰਨ ਦਾ ਮੌਕਾ ਦਿੰਦੀ ਹੈ। ਪਾਰਟੀ ਜਲਦੀ ਹੀ ਨਵੇਂ ਅਹੁਦੇਦਾਰਾਂ ਦਾ ਐਲਾਨ ਕਰੇਗੀ।