ਚੰਡੀਗੜ੍ਹ ਮੇਅਰ ਚੋਣਾਂ ਦੇ ਮੁੱਦੇ ਉਤੇ ਅੱਜ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਇਸ ਦੌਰਾਨ ਕੋਰਟ ਨੇ ਪ੍ਰੋਜ਼ਾਈਡਿੰਗ ਅਫਸਰ ਅਨੀਲ ਮਸੀਹ ਨੂੰ ਵੋਟਾਂ ਦੀ ਗਿਣਤੀ ਵਿਚ ਧਾਂਦਲੀ ਕਰਨ ਦਾ ਦੋਸ਼ੀ ਪਾਇਆ ਹੈ। ਕੋਰਟ ਨੇ ਫੈਸਲਾ ਸੁਣਾਉਂਦਿਆਂ ਆਪ ਦੇ ਕੁਲਦੀਪ ਕੁਮਾਰ ਨੂੰ ਮੇਅਰ ਐਲਾਨ ਦਿੱਤਾ ਹੈ।
ਰੱਦ ਕੀਤੀਆਂ 8 ਵੋਟਾਂ ਨੂੰ ਦਿੱਤਾ ਵੈਲਿਡ ਕਰਾਰ
ਦੱਸ ਦੇਈਏ ਕਿ ਕੋਰਟ ਨੇ ਰੱਦ ਕੀਤੀਆਂ 8 ਵੋਟਾਂ ਨੂੰ ਵੈਲਿਡ ਕਰਾਰ ਦਿੰਦਿਆਂ ਆਪ ਉਮੀਦਵਾਰ ਕੁਲਦੀਪ ਕੁਮਾਰ ਨੂੰ ਮੇਅਰ ਐਲਾਨਿਆ।ਵੋਟਾਂ ਦੀ ਗਿਣਤੀ ਦੌਰਾਨ ਧਾਂਦਲੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਨਿਲ ਮਸੀਹ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਹੁਕਮ ਜਾਰੀ ਕਰਦਿਆਂ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ ਅਤੇ ਉਸ ਕੋਲੋਂ ਤਿੰਨ ਹਫ਼ਤਿਆਂ ਵਿਚ ਜਵਾਬ ਮੰਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ
ਮੁੱਖ ਮੰਤਰੀ ਭਗਵੰਤ ਮਾਨ ਨੇ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਧੰਨਵਾਦ ਕੀਤਾ ਹੈ। ਮਾਨ ਨੇ ਲਿਖਿਆ ਕਿ ਆਖ਼ਿਰ ਸੱਚਾਈ ਦੀ ਜਿੱਤ ਹੋਈ ਹੈ।ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ 'ਚ ਮੇਅਰ ਚੋਣਾਂ ਨੂੰ ਲੈ ਕੇ ਸੁਣਾਏ ਫ਼ੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ। CJI ਨੇ ਪ੍ਰੀਜ਼ਾਇਡਿੰਗ ਅਫ਼ਸਰ ਵੱਲੋਂ ਰੱਦ ਕੀਤੀਆਂ 8 ਵੋਟਾਂ ਨੂੰ ਸਹੀ ਠਹਿਰਾਉਂਦੇ ਹੋਏ 'ਆਪ' ਦੇ ਕੁਲਦੀਪ ਕੁਮਾਰ ਨੂੰ ਮੇਅਰ ਐਲਾਨਿਆ ਹੈ। ਜੋ ਕਿ ਲੋਕ ਤੰਤਰ ਵਿਚ ਇਨਸਾਫ ਹੋਇਆ ਹੈ।
ਬੀਜੇਪੀ ਵੱਲੋਂ ਸ਼ਰੇਆਮ ਕੀਤੀ ਗਈ ਧੱਕੇਸ਼ਾਹੀ ਦਾ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਮਿਲਿਆ ਹੈ। ਲੋਕਤੰਤਰ ਦੀ ਇਸ ਵੱਡੀ ਜਿੱਤ 'ਤੇ ਚੰਡੀਗੜ੍ਹ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ।