ਕਾਂਗਰਸ ਦੀ ਭਾਰਤ ਜੋੜੋ ਨਿਆਂ ਯਾਤਰਾ ਸ਼ੁਰੂ ਹੋ ਗਈ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਯਾਤਰਾ ਦੀ ਸ਼ੁਰੂਆਤ ਮਣੀਪੁਰ ਦੀ ਰਾਜਧਾਨੀ ਇੰਫਾਲ ਤੋਂ ਕੀਤੀ। ਇਹ ਯਾਤਰਾ 14 ਰਾਜਾਂ ਅਤੇ 85 ਜ਼ਿਲ੍ਹਿਆਂ ਵਿੱਚੋਂ ਲੰਘੇਗੀ। 14 ਜਨਵਰੀ ਤੋਂ 20 ਮਾਰਚ ਤੱਕ ਰਾਹੁਲ ਗਾਂਧੀ ਬੱਸ ਅਤੇ ਪੈਦਲ 6700 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ। ਇਹ ਯਾਤਰਾ 20 ਮਾਰਚ ਨੂੰ ਮੁੰਬਈ ਵਿੱਚ ਸਮਾਪਤ ਹੋਵੇਗੀ।
ਪ੍ਰਧਾਨ ਮੰਤਰੀ ਮਨੀਪੁਰ ਦੇ ਹੰਝੂ ਪੂੰਝਣ ਨਹੀਂ ਆਏ
ਰਾਹੁਲ ਗਾਂਧੀ ਨੇ ਮਨੀਪੁਰ ਦੇ ਥੌਬਲ ਤੋਂ ਭਾਰਤ ਜੋੜੋ ਨਿਆਂ ਯਾਤਰਾ ਦੀ ਸ਼ੁਰੂਆਤ ਕੀਤੀ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਇਕੱਠ ਸੰਬੋਧਨ ਕਰਦਿਆਂ ਕਿਹਾ ਕਿ ਮਨੀਪੁਰ ਵਿੱਚ ਸਾਡੀਆਂ ਅੱਖਾਂ ਸਾਹਮਣੇ ਭੈਣਾਂ-ਭਰਾਵਾਂ ਦੀ ਮੌਤ ਹੋ ਗਈ ਅਤੇ ਅੱਜ ਤੱਕ ਭਾਰਤ ਦਾ ਪ੍ਰਧਾਨ ਮੰਤਰੀ ਤੁਹਾਡੇ ਹੰਝੂ ਪੂੰਝਣ ਜਾਂ ਗਲੇ ਲਗਾਉਣ ਲਈ ਮਨੀਪੁਰ ਨਹੀਂ ਆਇਆ। ਇਹ ਬਹੁਤ ਸ਼ਰਮ ਦੀ ਗੱਲ ਹੈ।
ਅਸੀਂ ਤੁਹਾਨੂੰ ਸੁਣਨ ਆਏ ਹਾਂ, ਮਨ ਦੀ ਬਾਤ ਸੁਣਾਉਣ ਨਹੀਂ
ਰਾਹੁਲ ਨੇ ਅੱਗੇ ਕਿਹਾ ਕਿ ਅਸੀਂ ਤੁਹਾਡੀ ਗੱਲ ਸੁਣਨ ਆਏ ਹਾਂ, ਆਪਣੇ ਮਨ ਦੀ ਗੱਲ ਸੁਣਾਉਣ ਨਹੀਂ। ਉਥੇ ਹੀ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ- ਮੋਦੀ ਜੀ ਸਮੁੰਦਰ ਦੀ ਸੈਰ ਕਰਦੇ ਹਨ, ਰਾਮ-ਰਾਮ ਦਾ ਜਾਪ ਕਰਦੇ ਹਨ ਪਰ ਮਨੀਪੁਰ ਨਹੀਂ ਆਉਂਦੇ। ਉਨ੍ਹਾਂ ਦੇ ਮੂੰਹ ਵਿੱਚ ਰਾਮ ਹੈ ਅਤੇ ਬਗਲ ਵਿਚ ਛੁਰੀ।
ਰਾਹੁਲ ਦੇ ਨਾਲ ਅਸ਼ੋਕ ਗਹਿਲੋਤ, ਸਚਿਨ ਪਾਇਲਟ, ਦਿਗਵਿਜੇ ਸਿੰਘ, ਸਲਮਾਨ ਖੁਰਸ਼ੀਦ, ਆਨੰਦ ਸ਼ਰਮਾ ਅਤੇ ਰਾਜੀਵ ਸ਼ੁਕਲਾ ਵਰਗੇ ਕਈ ਸੀਨੀਅਰ ਨੇਤਾ ਮਣੀਪੁਰ ਪਹੁੰਚੇ।
ਮਨੀਪੁਰ ਤੋਂ ਯਾਤਰਾ ਸ਼ੁਰੂ ਕਰਨ ਦਾ ਕਾਰਨ
ਰਾਹੁਲ ਗਾਂਧੀ ਨੇ ਕਿਹਾ ਕਿ ਚੋਣਾਂ 'ਚ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਇਸ ਲਈ ਪੈਦਲ ਅਤੇ ਬੱਸ ਰਾਹੀਂ ਸਫ਼ਰ ਕਰਨ ਦਾ ਫ਼ੈਸਲਾ ਕੀਤਾ। ਸਵਾਲ ਪੈਦਾ ਹੋਇਆ ਕਿ ਯਾਤਰਾ ਕਿੱਥੋਂ ਸ਼ੁਰੂ ਕੀਤੀ ਜਾਵੇ, ਕਿਸੇ ਨੇ ਪੱਛਮ ਤੋਂ ਕਿਹਾ, ਕਿਸੇ ਨੇ ਪੂਰਬ ਤੋਂ। ਮੈਂ ਸਾਫ਼ ਕਿਹਾ- ਅਗਲੀ ਭਾਰਤ ਜੋੜੋ ਯਾਤਰਾ ਮਨੀਪੁਰ ਤੋਂ ਹੀ ਸ਼ੁਰੂ ਹੋ ਸਕਦੀ ਹੈ। ਭਾਜਪਾ ਨੇ ਮਣੀਪੁਰ ਵਿੱਚ ਨਫ਼ਰਤ ਦੀ ਰਾਜਨੀਤੀ ਕੀਤੀ ਹੈ।