ਏਅਰ ਇੰਡੀਆ ਐਕਸਪ੍ਰੈਸ ਏਅਰਲਾਈਨਜ਼ ਨੇ ਕੰਮ 'ਤੇ ਨਾ ਆਉਣ ਕਾਰਨ ਲਗਭਗ 25 ਕਰਮਚਾਰੀਆਂ (ਕੈਬਿਨ ਕਰੂ ਮੈਂਬਰਾਂ) ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਦਰਅਸਲ, ਮਈ 2024 (ਬੁੱਧਵਾਰ) ਨੂੰ ਚਾਲਕ ਦਲ ਦੇ ਇੱਕ ਹਿੱਸੇ ਨੇ ਆਖਰੀ ਸਮੇਂ ਵਿੱਚ ਬੀਮਾਰ ਹੋਣ ਦੀ ਛੁੱਟੀ ਲੈ ਲਈ ਸੀ, ਜਿਸ ਨਾਲ ਫਲਾਈਟ ਦਾ ਸੰਚਾਲਨ ਪ੍ਰਭਾਵਤ ਹੋਇਆ ਸੀ। ਇਸ ਕਾਰਨ ਏਅਰਲਾਈਨ ਦੀਆਂ 90 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਅਜਿਹੇ 'ਚ ਟਿਕਟ ਰਿਫੰਡ ਤੋਂ ਇਲਾਵਾ ਏਅਰਲਾਈਨ ਨੇ ਯਾਤਰੀਆਂ ਨੂੰ ਦੂਜੀ ਫਲਾਈਟ ਚੁਣਨ ਦਾ ਵਿਕਲਪ ਵੀ ਦਿੱਤਾ ਹੈ ਪਰ ਫਿਰ ਵੀ ਫਲਾਈਟ ਰੱਦ ਹੋਣ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਏਅਰਲਾਈਨ ਦੇ ਸੀ.ਈ.ਓ. ਅਲੋਕ ਸਿੰਘ ਨੇ ਕਿਹਾ ਕਿ ਅੱਜ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਉਡਾਣਾਂ ਨੂੰ ਰੱਦ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਕੰਪਨੀ ਆਪਣੀਆਂ ਉਡਾਣਾਂ ਦੀ ਗਿਣਤੀ ਵੀ ਘੱਟ ਕਰੇਗੀ।
ਦੱਸ ਦੇਈਏ ਕਿ ਏਅਰ ਇੰਡੀਆ ਐਕਸਪ੍ਰੈਸ ਵਿੱਚ ਕੰਮ ਕਰ ਰਹੇ 300 ਤੋਂ ਵੱਧ ਕਰਮਚਾਰੀ ਬੁੱਧਵਾਰ ਤੋਂ ਕੰਮ 'ਤੇ ਨਹੀਂ ਆ ਰਹੇ ਹਨ। ਇਨ੍ਹਾਂ ਸਾਰੇ ਕਰਮਚਾਰੀਆਂ ਨੇ ਪਹਿਲਾਂ ਇਕੱਠੇ ਬੀਮਾਰ ਹੋਣ ਕਾਰਣ ਛੁੱਟੀ ਦੀ ਅਰਜ਼ੀ ਦਿੱਤੀ ਅਤੇ ਆਪਣੇ ਮੋਬਾਈਲ ਫੋਨ ਬੰਦ ਕਰ ਦਿੱਤੇ, ਜਿਸ ਕਾਰਨ ਬੁੱਧਵਾਰ ਨੂੰ ਵੀ ਸਾਨੂੰ ਜਹਾਜ਼ਾਂ ਨੂੰ ਚਲਾਉਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਯਾਤਰੀਆਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਏਅਰਲਾਈਨ
ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ, ਏਅਰ ਇੰਡੀਆ ਐਕਸਪ੍ਰੈਸ ਯਾਤਰੀਆਂ ਨੂੰ ਦੂਜੀ ਉਡਾਣ ਦਾ ਵਿਕਲਪ ਦੇ ਰਹੀ ਹੈ। ਇਸ ਤੋਂ ਇਲਾਵਾ ਏਅਰਲਾਈਨ ਨੇ ਇੱਕ ਸੋਧਿਆ ਹੋਇਆ ਫਲਾਈਟ ਸ਼ਡਿਊਲ ਵੀ ਜਾਰੀ ਕੀਤਾ ਹੈ, ਏਅਰਲਾਈਨ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਅਸੀਂ ਯਾਤਰੀਆਂ ਲਈ ਗਰੁੱਪ ਏਅਰਲਾਈਨਜ਼ ਦੇ ਨਾਲ ਵਿਕਲਪਿਕ ਉਡਾਣਾਂ ਦਾ ਵਿਕਲਪ ਵੀ ਪੇਸ਼ ਕਰ ਰਹੇ ਹਾਂ।