ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ SIT ਅੱਗੇ ਪੇਸ਼ ਹੋਣ ਲਈ ਪਟਿਆਲਾ ਪਹੁੰਚੇ। ਡਰੱਗ ਮਾਮਲੇ 'ਚ ਮਜੀਠੀਆ ਤੋਂ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦੇਈਏ ਕਿ 11 ਦਸੰਬਰ ਨੂੰ SIT ਨੇ ਪੇਸ਼ ਹੋਣ ਲਈ ਸੰਮਨ ਭੇਜਿਆ ਸੀ। ਉਨ੍ਹਾਂ ਪਟਿਆਲਾ 'ਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਜਰੀਵਾਲ ਵਾਂਗ ਸੰਮਨ ਜਾਰੀ ਹੋਣ 'ਤੇ ਮੈਂ ਭੱਜਦਾ ਨਹੀਂ। ਉਨ੍ਹਾਂ ਕਿਹਾ ਕਿ ਮੈਂ ਕਾਨੂੰਨ ਦਾ ਸਨਮਾਨ ਕਰਦਾ ਹਾਂ। ਇਹ ਕੇਸ ਸਿਆਸੀ ਕਾਰਨਾਂ ਕਰਕੇ ਦਰਜ ਕੀਤਾ ਗਿਆ ਹੈ। ਮਜੀਠੀਆ ਨੇ ਕਿਹਾ ਕਿ SIT ਸੁਤੰਤਰ ਤੌਰ 'ਤੇ ਕੰਮ ਨਹੀਂ ਕਰ ਰਹੀ ਹੈ।
ਮਜੀਠੀਆ ਨੇ ਕਿਹਾ ਕਿ ਮੈਨੂੰ ਗ੍ਰਿਫਤਾਰੀ ਦਾ ਕੋਈ ਡਰ ਨਹੀਂ ਹੈ। ਮੁੱਖ ਮੰਤਰੀ ਦੇ ਦਬਾਅ ਹੇਠ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਸੀਐਮ ਮਾਨ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ। ਜੇਕਰ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਅਦਾਲਤ ਵਿੱਚ ਪੇਸ਼ ਕਰੋ।
ਮੁੱਖ ਮੰਤਰੀ ਦਾ ਪ੍ਰੇਮ ਪੱਤਰ ਕਰਾਰ ਦਿੱਤਾ
ਮਜੀਠੀਆ ਦੀ ਪੇਸ਼ੀ ਦੌਰਾਨ ਪਟਿਆਲਾ 'ਚ ਵੀ ਵੱਡੇ ਪੱਧਰ 'ਤੇ ਸ਼ਕਤੀ ਪ੍ਰਦਰਸ਼ਨ ਵੀ ਚਲ ਰਿਹਾ ਹੈ। ਮਜੀਠੀਆ ਨੇ ਇਸ ਸੰਮਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਪ੍ਰੇਮ ਪੱਤਰ ਕਰਾਰ ਦਿੱਤਾ ਹੈ।
ਮਜੀਠੀਆ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਸਰਕਾਰ ਦੀ ਕਾਰਜਪ੍ਰਣਾਲੀ ਬਾਰੇ ਲਗਾਤਾਰ ਖੁਲਾਸੇ ਕਰ ਰਹੇ ਹਨ, ਉਸ ਕਾਰਨ ਉਨ੍ਹਾਂ ਨੂੰ ਬਦਲੇ ਦੀ ਰਾਜਨੀਤੀ ਤਹਿਤ ਗ੍ਰਿਫਤਾਰ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਕੀ ਹੈ ਸਾਰਾ ਮਾਮਲਾ
ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ 20 ਦਸੰਬਰ 2021 ਨੂੰ ਐਨਡੀਪੀਐਸ ਐਕਟ ਤਹਿਤ ਮੋਹਾਲੀ ਵਿੱਚ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਵਿਧਾਨ ਸਭਾ ਚੋਣ ਲੜਨ ਤੱਕ ਮਜੀਠੀਆ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਕੇ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਹੈ। ਵੋਟਿੰਗ ਤੋਂ ਬਾਅਦ ਮਜੀਠੀਆ ਨੇ 24 ਫਰਵਰੀ ਨੂੰ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ।