ਪੰਜਾਬ ਵਿੱਚ ਅੱਜ ਸਵੇਰੇ 8 ਵਜੇ ਤੋਂ ਪੰਚਾਇਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਇਸੇ ਦੌਰਾਨ ਤਰਨਤਾਰਨ ਦੇ ਪਿੰਡ ਸੋਹਲ ਸੈਣ ਭਗਤ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੋਲਿੰਗ ਬੂਥ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਪੋਲਿੰਗ ਬੂਥ ਦੇ ਬਾਹਰ ਲਾਈਨ ਵਿੱਚ ਖੜ੍ਹੇ ਹੋਣ ਨੂੰ ਲੈ ਕੇ ਝਗੜਾ ਹੋ ਗਿਆ।
ਜਿਸ ਤੋਂ ਬਾਅਦ ਮਹੌਲ ਇੰਨਾ ਤਣਾਅਪੁਰਣ ਹੋ ਗਿਆ ਕਿ ਗੋਲੀਆਂ ਚੱਲ ਪਈਆਂ, ਜਿਸ ਕਾਰਨ ਇਕ ਗੋਲੀ ਉਥੇ ਖੜ੍ਹੇ ਇਕ ਵਿਅਕਤੀ ਨੂੰ ਲੱਗ ਗਈ, ਜੋ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਫਿਲਹਾਲ ਪੁਲਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।
ਪਿੰਡ ਢਿਲਵਾਂ ਵਿੱਚ ਡਿਊਟੀ ਦੌਰਾਨ ਪੁਲਸ ਮੁਲਾਜ਼ਮ ਦੀ ਮੌਤ
ਇਸ ਦੇ ਨਾਲ ਹੀ ਸਮਰਾਲਾ ਦੇ ਪਿੰਡ ਢਿੱਲਵਾਂ 'ਚ ਪੋਲਿੰਗ ਬੂਥ 'ਤੇ ਤਾਇਨਾਤ ਇਕ ਪੁਲਸ ਮੁਲਾਜ਼ਮ ਦੀ ਅਚਾਨਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪੰਚਾਇਤੀ ਚੋਣਾਂ ਵਿੱਚ ਡਿਊਟੀ ਦੇ ਰਹੇ ਆਈ.ਆਰ.ਬੀ. ਇੱਕ ਪੁਲਸ ਮੁਲਾਜ਼ਮ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲੱਖਾ ਸਿੰਘ ਵਾਸੀ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ।
ਗਿਣਤੀ ਸ਼ਾਮ ਨੂੰ ਹੀ ਹੋਵੇਗੀ
ਤੁਹਾਨੂੰ ਦੱਸ ਦੇਈਏ ਕਿ ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਇਸ ਤੋਂ ਬਾਅਦ ਸ਼ਾਮ ਨੂੰ ਹੀ ਵੋਟਾਂ ਦੀ ਗਿਣਤੀ ਹੋਵੇਗੀ। ਰਾਜ ਵਿੱਚ ਕੁੱਲ 13937 ਪੰਚਾਇਤਾਂ ਹਨ, ਜਿਨ੍ਹਾਂ ਵਿੱਚ 1.33 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਚੋਣਾਂ ਈਵੀਐਮ ਮਸ਼ੀਨਾਂ ਰਾਹੀਂ ਨਹੀਂ, ਬੈਲਟ ਪੇਪਰਾਂ ਰਾਹੀਂ ਕਰਵਾਈਆਂ ਜਾ ਰਹੀਆਂ ਹਨ। ਇਸ ਵਾਰ ਚੋਣਾਂ ਬਿਨਾਂ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੋਂ ਕਰਵਾਈਆਂ ਜਾ ਰਹੀਆਂ ਹਨ। ਚੋਣਾਂ ਈਵੀਐਮ ਮਸ਼ੀਨਾਂ ਰਾਹੀਂ ਨਹੀਂ, ਬੈਲਟ ਪੇਪਰਾਂ ਰਾਹੀਂ ਕਰਵਾਈਆਂ ਜਾ ਰਹੀਆਂ ਹਨ।