ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ੁੱਕਰਵਾਰ ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਮਿਲਣ ਪਹੁੰਚੇ ਹਨ। ਸੀਐਮ ਭਗਵੰਤ ਮਾਨ ਨੇ ਮਨੀਸ਼ ਸਿਸੋਦੀਆ ਨਾਲ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ 'ਤੇ ਮੁਲਾਕਾਤ ਕੀਤੀ। ਆਪ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਸੀਐਮ ਭਗਵੰਤ ਮਾਨ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ।
ਦਿੱਲੀ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਨੀਸ਼ ਸਿਸੋਦੀਆ ਦੇ ਘਰ ਪਹੁੰਚੇ। ਜਿੱਥੇ ਮਨੀਸ਼ ਸਿਸੋਦੀਆ ਦੀ ਪਤਨੀ ਵੀ ਮੌਜੂਦ ਸੀ। ਮੁੱਖ ਮੰਤਰੀ ਨੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।
ਸ਼ਰਾਬ ਘੁਟਾਲੇ ਦੇ ਮਾਮਲੇ 'ਚ ਜੇਲ੍ਹ 'ਚ ਸਨ ਸਿਸੋਦੀਆ
ਬਾਹਰ ਆਉਂਦੇ ਹੀ ਮਨੀਸ਼ ਸਿਸੋਦੀਆ ਨੇ ਕਿਹਾ ਸੀ ਕਿ ਇਹ ਕੇਸ ਉਨ੍ਹਾਂ ਨੇ ਨਹੀਂ, ਉਨ੍ਹਾਂ ਦੀ ਪਾਰਟੀ ਨੇ ਲੜਿਆ ਹੈ ਅਤੇ ਉਨ੍ਹਾਂ ਦੀ ਪਤਨੀ ਹਮੇਸ਼ਾ ਉਨ੍ਹਾਂ ਦੇ ਨਾਲ ਰਹੀ ਹੈ। ਮਨੀਸ਼ ਸਿਸੋਦੀਆ ਸ਼ਰਾਬ ਘੁਟਾਲੇ ਦੇ ਆਰੋਪਾਂ ਬਾਅਦ 17 ਮਹੀਨਿਆਂ ਦੀ ਲੰਬੀ ਲੜਾਈ ਤੋਂ ਬਾਅਦ ਜੇਲ੍ਹ 'ਚੋਂ ਬਾਹਰ ਆਏ ਹਨ। ਸੁਪਰੀਮ ਕੋਰਟ ਨੇ ਸਿਸੋਦੀਆ ਨੂੰ 10-10 ਲੱਖ ਰੁਪਏ ਦੇ ਜ਼ਮਾਨਤੀ ਬਾਂਡ 'ਤੇ ਜ਼ਮਾਨਤ ਦੇ ਦਿੱਤੀ। ਨਾਲ ਹੀ ਸ਼ਰਤਾਂ ਵੀ ਲਾਈਆਂ ਹਨ। ਪਹਿਲੀ ਸ਼ਰਤ ਇਹ ਹੈ ਕਿ ਉਨ੍ਹਾਂ ਨੂੰ ਆਪਣਾ ਪਾਸਪੋਰਟ ਜਮਾ ਕਰਨਾ ਹੋਵੇਗਾ। ਦੂਜੀ ਸ਼ਰਤ ਉਨ੍ਹਾਂ ਨੂੰ ਸੋਮਵਾਰ ਅਤੇ ਵੀਰਵਾਰ ਨੂੰ ਥਾਣੇ ਵਿਚ ਜਾ ਕੇ ਹਾਜ਼ਰੀ ਲਾਉਣੀ ਹੋਵੇਗੀ।
ਫਰਵਰੀ 2023 ਵਿੱਚ ਕੀਤਾ ਸੀ ਗ੍ਰਿਫ਼ਤਾਰ
ਮਨੀਸ਼ ਸਿਸੋਦੀਆ ਕੋਲ ਆਬਕਾਰੀ ਵਿਭਾਗ ਸੀ, ਇਸ ਲਈ ਉਨ੍ਹਾਂ ਨੂੰ ਕਥਿਤ ਤੌਰ 'ਤੇ ਇਸ ਘੁਟਾਲੇ ਦਾ ਮੁੱਖ ਆਰੋਪੀ ਬਣਾਇਆ ਗਿਆ ਸੀ। ਕਈ ਵਾਰ ਪੁੱਛਗਿੱਛ ਤੋਂ ਬਾਅਦ ਜਾਂਚ ਏਜੰਸੀ ਨੇ ਉਨ੍ਹਾਂ ਨੂੰ 26 ਫਰਵਰੀ 2023 ਨੂੰ ਗ੍ਰਿਫਤਾਰ ਕਰ ਲਿਆ। ਉਦੋਂ ਤੋਂ ਉਹ ਜੇਲ੍ਹ ਵਿੱਚ ਹੀ ਰਹੇ। ਉਨ੍ਹਾਂ ਨੇ ਪੰਜ ਵਾਰ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ ਪਰ ਉਸ ਨੂੰ ਰੱਦ ਕਰ ਦਿੱਤਾ ਗਿਆ।