ਸ਼ੰਭੂ ਤੇ ਖਵੌਰੀ ਬਾਰਡਰ ਉਤੇ ਕਿਸਾਨਾਂ ਦੇ ਚੱਲ ਰਹੇ ਧਰਨੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨ ਲਈ ਕਿਹਾ ਹੈ।
CM ਮਾਨ ਨੇ ਕੀਤਾ ਟਵੀਟ
ਟਵੀਟ ਕਰਦੇ ਹੋਏ ਸੀ ਐਮ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀ ਪੁਰਾਣੀ ਜ਼ਿੱਦ ਛੱਡ ਕੇ ਕਿਸਾਨ ਜਥੇਬੰਦੀਆਂ ਨਾਲ ਗੱਲ-ਬਾਤ ਦਾ ਰਾਹ ਖੋਲਣਾ ਚਾਹੀਦਾ ਹੈ। ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ। ਕੇਂਦਰ ਸਰਕਾਰ ਪਤਾ ਨਹੀਂ ਹੁਣ ਕਿਹੜੀ ਤਪੱਸਿਆ ਕਰ ਰਹੀ ਹੈ ??
ਉਨ੍ਹਾਂ ਅੱਗੇ ਲਿਖਿਆ ਕਿ ਜੇਕਰ ਮੋਦੀ ਜੀ ਰੂਸ ਤੇ ਯੂਕਰੇਨ ਦੀ ਜੰਗ ਰੁਕਵਾ ਸਕਦੇ ਹਨ ਤਾਂ 200 ਕਿੱਲੋਮੀਟਰ ’ਤੇ ਬੈਠੇ ਅੰਨਦਾਤਿਆਂ ਨਾਲ ਨਹੀਂ ਗੱਲ ਕਰ ਸਕਦੇ ? ਕਿਹੜੀ ਘੜੀ ਦਾ ਇੰਤਜ਼ਾਰ ਕਰ ਰਹੇ ਹੋ ਜੀ..
ਜ਼ਿਕਰਯੋਗ ਹੈ ਕਿ ਕਿਸਾਨ ਹੱਕੀ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਸ਼ੰਭੂ ਤੇ ਖਨੌਰੀ ਬਾਰਡਰਾਂ ਉਤੇ ਬੈਠੇ ਹਨ। ਉਨ੍ਹਾਂ ਦਿੱਲੀ ਜਾਣਾ ਸੀ ਪਰ ਹਰਿਆਣਾ ਪੁਲਸ ਨੇ ਅੱਗੇ ਨਹੀਂ ਜਾਣ ਦਿੱਤਾ, ਉਦੋਂ ਤੋਂ ਕਿਸਾਨ ਧਰਨੇ ਉਤੇ ਡਟੇ ਹੋਏ ਹਨ।
ਇਸ ਤੋਂ ਬਾਅਦ ਕਿਸਾਨਾਂ ਨੇ 3 ਵਾਰ ਦਿੱਲੀ ਕੂਚ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨੂੰ ਦਿੱਲੀ ਪੈਦਲ ਵੀ ਨਹੀਂ ਜਾਣ ਦਿੱਤਾ ਗਿਆ।
ਦਿੱਲੀ ਕੂਚ ਦੌਰਾਨ ਜ਼ਖਮੀ ਹੋਏ ਕਿਸਾਨ
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿ 101 ਕਿਸਾਨਾਂ ਦਾ ਜਥਾ ਦਿੱਲੀ ਲਈ ਰਵਾਨਾ ਹੋਇਆ ਸੀ। ਇਸ ਦੌਰਾਨ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਇਸ ਕਾਰਨ ਇੱਕ ਕਿਸਾਨ ਦੀ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਕਿਸਾਨ ਥੋੜ੍ਹਾ ਪਿੱਛੇ ਹਟ ਗਏ। ਕਿਸਾਨਾਂ ਉਤੇ ਮਿਰਚਾਂ ਵਾਲੀ ਸਪਰੇਅ ਵੀ ਛਿੜਕੀ ਗਈ। ਇਸ ਦੇ ਨਾਲ ਹੀ ਬੈਰੀਕੇਡ, ਕੰਡਿਆਲੀ ਤਾਰ ਰਾਹੀਂ ਕਿਸਾਨਾਂ ਨੂੰ ਪੈਦਲ ਵੀ ਦਿੱਲੀ ਜਾਣ ਤੋਂ ਰੋਕਿਆ ਗਿਆ।
ਸ਼ਾਂਤੀਪੂਰਨ ਤਰੀਕੇ ਨਾਲ ਦਿੱਲੀ ਜਾਣਾ ਚਾਹੁੰਦੇ ਹਾਂ - ਪੰਧੇਰ
ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਸੀ ਕਿ ਅਸੀਂ ਸ਼ਾਂਤੀ ਨਾਲ ਜਾਣਾ ਚਾਹੁੰਦੇ ਸੀ। ਉਹ ਸਾਨੂੰ ਜੰਤਰ-ਮੰਤਰ ਜਾਂ ਰਾਮਲੀਲਾ ਮੈਦਾਨ ਵਿੱਚ ਥਾਂ ਦੇ ਦਿੰਦੇ। ਅਸੀਂ ਉੱਥੇ ਆਪਣੇ ਵਿਚਾਰ ਪ੍ਰਗਟ ਕਰ ਸਕੀਏ। ਸਾਰੀ ਦੁਨੀਆ ਦੇਖ ਰਹੀ ਹੈ ਕਿ ਸਾਡੇ ਨਾਲ ਕੀ ਕੀਤਾ ਜਾ ਰਿਹਾ ਹੈ। ਅਸੀਂ ਅੱਗੇ ਵਧਾਂਗੇ, ਸਾਨੂੰ ਉਮੀਦ ਹੈ ਕਿ ਸਰਕਾਰ ਗੱਲਬਾਤ ਦਾ ਰਾਹ ਖੋਲ੍ਹੇਗੀ। ਅਸੀਂ ਹੁਣ ਇੰਤਜ਼ਾਰ ਕਰ ਰਹੇ ਹਾਂ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ 29ਵਾਂ ਦਿਨ
ਖਨੌਰੀ ਸਰਹੱਦ 'ਤੇ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਬੇਹੱਦ ਨਾਜ਼ੁਕ ਬਣ ਗਈ ਹੈ। ਪਿਛਲੇ 28 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਹੋਣ ਕਾਰਨ ਉਨ੍ਹਾਂ ਦੀ ਸਿਹਤ ਕਾਫੀ ਨਾਜ਼ੁਕ ਬਣੀ ਹੋਈ ਹੈ। ਹੁਣ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦਿੰਦਿਆਂ ਡਾਕਟਰਾਂ ਦਾ ਕਹਿਣਾ ਹੈ ਕਿ ਕਿਸਾਨ ਆਗੂ ਪਿਛਲੇ ਲੰਮੇ ਸਮੇਂ ਤੋਂ ਮਰਨ ਵਰਤ 'ਤੇ ਹਨ, ਉਦੋਂ ਤੋਂ 15 ਵਿਸ਼ੇਸ਼ ਡਾਕਟਰਾਂ ਦਾ ਪੈਨਲ ਲਗਾਤਾਰ ਉਨ੍ਹਾਂ ਦੀ ਸਿਹਤ ਦੀ ਜਾਂਚ ਕਰ ਰਿਹਾ ਹੈ।
ਡੱਲੇਵਾਲ ਦੀ ਹਾਲਤ ਖਤਰੇ 'ਚ
ਡਾਕਟਰਾਂ ਨੇ ਦੱਸਿਆ ਕਿ ਸਾਡੀ ਜਾਂਚ ਮੁਤਾਬਕ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਬਹੁਤ ਖ਼ਤਰਾ ਹੈ। ਉਨ੍ਹਾਂ ਨੂੰ ਕਿਸੇ ਵੀ ਸਮੇਂ ਦਿਲ ਦਾ ਦੌਰਾ ਪੈ ਸਕਦਾ ਹੈ। ਕਿਸੇ ਸਮੇਂ ਵੀ ਸਰੀਰ ਦੇ ਅੰਗ ਫੇਲ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਮੌਤ ਹੋ ਸਕਦੀ ਹੈ, ਜਿਸ ਕਾਰਨ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਅਸੀਂ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹਾਂ ਅਤੇ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਮਰਨ ਵਰਤ ਤੋੜਨ ਦੀ ਅਪੀਲ ਕਰਦੇ ਹਾਂ ਪਰ ਉਹ ਕਹਿੰਦੇ ਹਨ ਕਿ ਜੇਕਰ ਸਰਕਾਰ ਉਨ੍ਹਾਂ ਦੀ ਗੱਲ ਮੰਨੇ ਤਾਂ ਉਹ ਮਰਨ ਵਰਤ ਤੋੜ ਦੇਣਗੇ।
ਅੰਦਰੂਨੀ ਅੰਗ ਵਿਗੜ ਰਹੇ ਹਨ
ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਜਦੋਂ ਉਠਦੇ ਹਨ ਤਾਂ ਉਨ੍ਹਾਂ ਨੂੰ ਚੱਕਰ ਆਉਣ ਲੱਗਦੇ ਹਨ। ਇਹ ਸਾਰੀਆਂ ਗੱਲਾਂ ਇਹ ਵੀ ਦਰਸਾਉਂਦੀਆਂ ਹਨ ਕਿ ਉਨ੍ਹਾਂ ਦੀ ਸਿਹਤ ਬਹੁਤ ਖਰਾਬ ਹੈ। ਜਾਂਚ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਦੇ ਸਾਰੇ ਅੰਦਰੂਨੀ ਅੰਗ ਖਰਾਬ ਹੋ ਰਹੇ ਹਨ ਅਤੇ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਨਹੀਂ ਹੋ ਸਕੇਗੀ।