ਅੰਮ੍ਰਿਤਸਰ 'ਚ ਕਿਸਾਨਾਂ ਨੇ ਮਾਨਾਂਵਾਲਾ ਰੇਲਵੇ ਟਰੈਕ ਤੋਂ ਆਪਣਾ ਧਰਨਾ ਖਤਮ ਕਰ ਦਿੱਤਾ ਹੈ। ਇਹ ਫੈਸਲਾ ਕਿਸਾਨ ਯੂਨੀਅਨ ਵੱਲੋਂ ਪ੍ਰਸ਼ਾਸਨ ਨਾਲ ਸਹਿਮਤੀ ਤੋਂ ਬਾਅਦ ਲਿਆ ਗਿਆ ਹੈ। ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ 13 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਹੈ। ਜਿਸ ਤੋਂ ਬਾਅਦ ਇਹ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ।
ਭਾਰਤ ਮਾਲਾ ਘੁਟਾਲੇ ਕਾਰਨ ਰੇਲਵੇ ਟਰੈਕ ਕੀਤਾ ਸੀ ਜਾਮ
ਭਾਰਤ ਮਾਲਾ ਪ੍ਰੋਜੈਕਟ ਵਿੱਚ ਅੰਮ੍ਰਿਤਸਰ ਤੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਕਈ ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਜ਼ਮੀਨ ਘੱਟ ਕੀਮਤ ’ਤੇ ਐਕੁਆਇਰ ਕੀਤੀ ਅਤੇ ਇਸ ਹੀ ਰਕਮ 'ਚ ਘਪਲਾ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਕੁਝ ਕਿਸਾਨਾਂ ਨੂੰ ਭਾਅ ਤੋਂ ਵੱਧ ਪੈਸੇ ਦਿੱਤੇ ਗਏ, ਜਦੋਂ ਕਿ ਗੁਆਂਢੀ ਕਿਸਾਨਾਂ ਦੀਆਂ ਜ਼ਮੀਨਾਂ ਦੇ ਭਾਅ ਕਈ ਗੁਣਾ ਘੱਟ ਦਿੱਤੇ ਗਏ। ਇਹ ਸਭ ਕੁਝ ਸਾਬਕਾ ਐਸਡੀਐਮ ਦੇ ਨਿਰਦੇਸ਼ਾਂ ’ਤੇ ਹੋਇਆ।
ਇਸ ਸਬੰਧੀ ਕਈ ਵਾਰ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ। ਪਰ ਉਹ ਆਪ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਦਾ ਨਾਂ ਲੈ ਕੇ ਕਿਸਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਕਰੀਬ ਢਾਈ ਸਾਲਾਂ ਤੋਂ ਅਧਿਕਾਰੀਆਂ ਨੂੰ ਸ਼ਿਕਾਇਤਾਂ ਕੀਤੀਆਂ ਗਈਆਂ ਪਰ ਕੋਈ ਕਾਰਵਾਈ ਨਹੀਂ ਹੋਈ। ਜਿਸ ਤੋਂ ਬਾਅਦ ਕਿਸਾਨਾਂ ਨੂੰ ਇਹ ਕਦਮ ਚੁੱਕਣਾ ਪਿਆ।